ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/37

ਇਹ ਸਫ਼ਾ ਪ੍ਰਮਾਣਿਤ ਹੈ

ਇਸ ਦਰਿਆ ਵਿਚ ਅੱਗ ਦਾ ਵਾਸਾ।
ਪਾਣੀ ਦੀ ਤਾਂ ਤੇਲ ਜਿਵੇਂ ਪਿੰਡ ਫੂਕਣ ਵਾਲਾ।
ਨਾ ਲਹਿਰਾਂ ਨਾ ਸੂਰਜ ਕਿਰਨਾਂ,
ਦਿਸਦਾ ਨਾ ਕੋਈ ਪਰਛਾਵਾਂ।
ਇਸ ਦਰਿਆ ਦੇ ਕੰਢੇ ਬਹਿ ਕੇ,
ਕਰਦੀਆਂ ਨੇ ਅਰਜ਼ੋਈ ਮਾਵਾਂ।
ਹੁਣ ਨਾ ਹੋਰ ਪੰਘੂੜੇ ਉੱਜੜਨ,
ਨਾ ਕੋਈ ਚੰਦਰਾ ਛਾਂਗੇ ਛਾਵਾਂ।
ਮਿਲ ਜਾਵਣ ਹੁਣ ਭਾਈਆਂ ਦੇ ਗ਼ਲ,
ਡੌਲਿਉਂ ਟੁੱਟੀਆਂ ਭੱਜੀਆਂ ਬਾਹਵਾਂ।

ਇਸ ਦਰਿਆ ਵਿਚ ਨਿਰਮਲ ਪਾਣੀ ਕਦ ਪਰਤੇਗਾ?
ਖ਼ੂਨ ਦੀ ਥਾਂ ਜ਼ਿੰਦਗੀ ਦਾ ਹਾਣੀ ਕਦ ਪਰਤੇਗਾ?
ਸੋਚ ਰਿਹਾ ਹਾਂ!
ਲਾਸ਼ਾਂ ਦੀ ਥਾਂ ਆਸਾਂ ਕਦ ਮੁਸਕਾਉਣਗੀਆਂ?
ਦਰਿਆ ਕੰਢੇ ਕਦ ਮੁਰਗਾਈਆਂ ਨ੍ਹਾਉਣਗੀਆਂ?
ਕਦ ਮੁਟਿਆਰਾਂ ਚੁੰਨੀ ਰੰਗ ਚੜ੍ਹਾਉਣਗੀਆਂ?
ਪਿੱਪਲਾਂ ਦੇ ਕਦ ਨੱਢੀਆਂ ਪੀਂਘਾਂ ਪਾਉਣਗੀਆਂ?
ਤਲੀਆਂ ਤੇ ਉਹ ਮਹਿੰਦੀ ਰਗੜ ਘਸਾਉਣਗੀਆਂ?
ਗਿੱਧਾ ਪਾ ਕੇ ਧਰਤੀ ਕਦੋਂ ਹਿਲਾਉਣਗੀਆਂ?
ਦਰਿਆ ਵਿਚ ਮੁੜ ਪਾਣੀ-ਛੱਲਾਂ ਆਉਣਗੀਆਂ।

ਬੋਲ ਮਿੱਟੀ ਦਿਆ ਬਾਵਿਆ/37