ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/36

ਇਹ ਸਫ਼ਾ ਪ੍ਰਮਾਣਿਤ ਹੈ

ਇਸ ਦਰਿਆ ਦੇ ਕੰਢੇ ਉੱਗੇ,
ਰੁੱਖਾਂ ਦੀਆਂ ਹੁਣ ਸਾੜਣ ਛਾਵਾਂ।
ਪਾਣੀ ਦੀ ਇਕ ਤਿਪ ਨੂੰ ਤਰਸਣ,
ਝੋਲੀ ਬਾਲ ਨਿਕਰਮਣ ਮਾਵਾਂ।
ਕੱਚੀ ਉਮਰੇ ਦੋਧੀ ਦੰਦੀ ਸਹਿਮ ਹੰਢਾਏ।
ਇਸ ਦਰਿਆ ਦੇ ਹੁੰਦਿਆਂ ਸੁੰਦਿਆਂ,
ਕਿਉਂ ਨੇ ਸਾਡੇ ਹੋਠ ਤਿਹਾਏ।

ਇਸ ਦਰਿਆ ਦੇ ਪੱਤਣਾਂ ਉੱਤੇ,
ਅੱਜ ਏਨੀ ਸੁੰਨਸਾਨ ਕਿਉਂ ਹੈ?
ਸਾਰਾ ਹੀ ਮਾਹੌਲ ਡਰਾਉਣਾ ਜਾਨ ਸੁਕਾਉਣਾ,
ਗੁੰਮ ਸੁੰਮ ਤੇ ਵੀਰਾਨ ਕਿਉਂ ਹੈ?

ਇਸ ਦਰਿਆ ਦੇ ਪੁਲ ਦੇ ਹੇਠਾਂ,
ਲਾਸ਼ਾਂ ਦੀ ਜੋ ਲਾਮ ਡੋਰ ਹੈ।
ਸਾਡਾ ਪੁੱਤ, ਭਤੀਜਾ, ਜੀਜਾ,
ਜਾਂ ਏਦਾਂ ਕੋਈ ਰਿਸ਼ਤਾ ਹੋਰ ਹੈ।

ਇਸ ਦਰਿਆ ਦੇ ਦੋਹੀਂ ਪਾਸੀਂ ਰੇਤ ਵਿਛੀ ਹੈ,
ਸੋਨੇ ਜਹੀਆਂ ਜਿੰਦਾਂ ਇਹਨੇ ਰੇਤ ਰੁਲਾਈਆਂ।
ਟਿਕੀ ਰਾਤ ਵਿਚ ਹੀਰਾਂ ਮਿਰਜ਼ੇ ਗਾਉਂਦੇ ਸਨ ਜੋ,
ਕੁੜੀਆਂ ਮੁੰਡੇ ਹੇਕਾਂ ਸੱਦਾਂ ਕਿੱਧਰ ਧਾਈਆਂ।

ਬੋਲ ਮਿੱਟੀ ਦਿਆ ਬਾਵਿਆ/36