ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/18

ਇਹ ਸਫ਼ਾ ਪ੍ਰਮਾਣਿਤ ਹੈ

ਪੱਥਰ ਦੇਸ਼

ਪੱਥਰ ਦੇਸ਼ ਦੇ ਪੱਥਰ ਲੋਕੋ!
ਮੈਂ ਪੁੱਛਦਾ ਹਾਂ!
ਆਪੋ ਆਪਣੀ ਮਰਜ਼ੀ ਦੇ ਨਾਲ,
ਹੱਸਣਾ ਚਾਹੋ, ਹੱਸ ਸਕਦੇ ਹੋ?
ਰੋਣਾ ਚਾਹੋ, ਰੋ ਸਕਦੇ ਹੋ?
ਲੱਖਾਂ ਵਾਰ ਤਰੌਂਕੇ ਮਾਰੋ
ਲੋਹੇ ਦਾ ਥਣ ਚੋ ਸਕਦੇ ਹੋ?

ਆਪਣੇ ਖ਼ੂਨ 'ਚ ਤਨ ਦੀ ਮਿੱਟੀ,
ਆਪਣੇ ਹੱਥੀਂ ਗੋ ਸਕਦੇ ਹੋ?
ਘਾਹ ਦੀ ਪੰਡ ਦੇ ਬਦਲੇ ਦੇ ਵਿਚ,
ਸ਼ੇਰ ਨੂੰ ਖੂਹੇ ਜੋ ਸਕਦੇ ਹੋ?

ਨਹੀਂ! ਨਹੀਂ! ਸੰਤਾਪੇ ਲੋਕੋ,
ਇਹ ਸਾਰਾ ਕੁਝ ਸੰਭਵ ਹੀ ਨਹੀਂ।
ਅੰਦਰ ਵੜ ਕੇ ਹੱਸ ਸਕਦੇ ਹੋ।
ਅੰਦਰ ਵੜ ਕੇ ਰੋ ਸਕਦੇ ਹੋ।

ਬੋਲ ਮਿੱਟੀ ਦਿਆ ਬਾਵਿਆ/18