ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/17

ਇਹ ਸਫ਼ਾ ਪ੍ਰਮਾਣਿਤ ਹੈ

ਕੁਝ ਦੱਸ ਤਾਂ ਮਿੱਟੀ ਦਿਆ ਬਾਵਿਆ।
ਸਾਡਾ ਸੂਰਜ ਕਿਸ ਨੇ ਖਾ ਲਿਆ।
ਕੀਹਨੇ ਰਾਹਾਂ ਵਿਚ ਉਲਝਾ ਲਿਆ।

ਕੁਝ ਵਰ੍ਹਿਆਂ ਤੋਂ ਇੰਝ ਹੋਇਆ ਹੈ,
ਨਾ ਜੀਂਦੇ ਹਾਂ ਨਾ ਮਰਦੇ ਹਾਂ।
ਨਾ ਤੁਰਦੇ ਹਾਂ ਨਾ ਬਹਿੰਦੇ ਹਾਂ।
ਫਿਰ ਪਤਾ ਨਹੀਂ ਕੀ ਕਰਦੇ ਹਾਂ?
ਦਿਨ ਦੀਵੀਂ ਡਰਾਉਣੇ ਸੁਪਨੇ ਤੋਂ,
ਅਸੀਂ ਰਾਤ ਪਿਆਂ ਵੀ ਡਰਦੇ ਹਾਂ।
ਤੂੰ ਵੀ ਡਰਦੈਂ ਮਿੱਟੀ ਦਿਆ ਬਾਵਿਆ।
ਤੂੰ ਵੀ ਮਰਦੈ ਮਿੱਟੀ ਦਿਆ ਬਾਵਿਆ।

ਹੁਣ ਉਲਝੀ ਏਦਾਂ ਤਾਣੀ ਹੈ।
ਅੱਗੇ ਅੱਗ ਤੇ ਪਿੱਛੇ ਪਾਣੀ ਹੈ।
ਸੱਜੇ ਖੱਬੇ ਦੇ ਰਾਹ ਬੰਦ ਹੋਏ,
ਕਿੱਥੇ ਰੁਕ ਗਈ ਆਣ ਕਹਾਣੀ ਹੈ।
ਤੂੰਹੀਉਂ ਦੱਸ ਤਾਂ ਮਿੱਟੀ ਦਿਆ ਬਾਵਿਆ।
ਸਾਡੇ ਪੁੱਤਰਾਂ ਨੂੰ ਕਿਸ ਖਾ ਲਿਆ।

ਮੜ੍ਹੀਆਂ ਤੇ ਕਬਰਾਂ ਮੱਲੀ ਜੋ,
ਜ਼ਰਖੇਜ਼ ਜ਼ਮੀਨ ਪੰਜਾਬ ਦੀ ਹੈ।
ਗੀਤਾਂ ਦੀ ਸੁਰ ਵੀ ਉੱਖੜੀ ਹੈ,
ਤੇ ਟੁੱਟ ਗਈ ਤਾਰ ਰਬਾਬ ਦੀ ਹੈ।
ਅੱਜ ਘੋੜੇ ਦੇ ਸੁੰਮਾਂ ਮਿੱਧ ਸੁੱਟੀ,
ਹਰ ਖਿੜਦੀ ਕਲੀ ਗੁਲਾਬ ਦੀ ਹੈ।
ਕਿੱਥੇ ਜਾਏਂਗਾ ਮਿੱਟੀ ਦਿਆ ਬਾਵਿਆ।
ਕੁਝ ਬੋਲ ਮਿੱਟੀ ਦਿਆ ਬਾਵਿਆ।

ਬੋਲ ਮਿੱਟੀ ਦਿਆ ਬਾਵਿਆ /17