ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/12

ਇਹ ਸਫ਼ਾ ਪ੍ਰਮਾਣਿਤ ਹੈ

ਪਰ ਬਹੁਤੀ ਵਾਰੀ ਇਸਦਾ ਕੋਈ ਉਦੇਸ਼ ਅਤੇ ਸਥਿਤੀ ਵੀ ਨਹੀਂ ਹੁੰਦੀ ਅਤੇ ਉਹ ਸਿਧਾਂਤਕ ਗੱਲਾਂ ਵੀ ਉਸੇ ਸ਼ੈਲੀ ਵਿਚ ਕਰਨ ਲੱਗਦੇ ਹਨ। ਗੁਰਭਜਨ ਗਿੱਲ ਇਸ ਗੱਲ ਵਲੋਂ ਚੇਤੰਨ ਹੈ ਕਿ ਇਸ ਤ੍ਰਾਸਦਿਕ ਸਥਿਤੀ ਅਤੇ ਇਸ ਪੀੜਾ ਨੂੰ ਉਸ ਪ੍ਰਗੀਤਕ-ਕਾਵਿ ਦੀ ਸ਼ੈਲੀ ਵਿਚ ਢਾਲਣਾ ਕਿਵੇਂ ਹੈ।

ਉਹ ਸਿਰਫ਼ ਇਸ ਕਾਵਿ-ਵਿਧਾ ਦੇ ਰੂਪਾਂਤਰਣ ਵਿਚ ਹੀ ਨਹੀਂ ਰੁੱਝਿਆ ਹੋਇਆ। ਉਸਦਾ ਇਕ ਰੂਪਾਂਤਰਣ ਹੋਰ ਵੀ ਧਿਆਨਯੋਗ ਹੈ। ਉਸ ਨਾਲ ਇਤਿਹਾਸਕ ਸਥਿਤੀਆਂ ਜਾਂ ਵਿਚਾਰਧਾਰਾ ਚੇਤਨਾ ਵੀ ਵਿਸਤ੍ਰਿਤ ਰੂਪ ਵਿਚ ਸੰਬੰਧਤ ਹੁੰਦੀ ਹੈ। ਅਸੀਂ ਸਮਕਾਲੀ ਇਤਿਹਾਸਕ ਸਥਿਤੀ ਦਾ ਮੈਟਾਫ਼ਰ ਜਾਂ ਪ੍ਰਤੀਕ ਕਈ ਵਾਰ ਅਤੀਤ ਵਿਚੋਂ ਭਲੀਭਾਂਤ ਲੱਭ ਲੈਂਦੇ ਹਾਂ। ਦੋਹਾਂ ਵਿਚ ਇਕ ਤੁਲਨਾਤਮਿਕਤਾ ਵੀ ਪੈਦਾ ਕਰ ਲੈਂਦੇ ਹਾਂ। ਦੋਹਾਂ ਵਿਚ ਇਕ ਮੁੱਲ ਸਥਾਪਤ ਕਰ ਲੈਂਦੇ ਹਾਂ। ਜਦੋਂ ਗੁਰਭਜਨ ਗਿੱਲ ਲਿਖਦਾ ਹੈ:



ਨਾਗ ਨਿਵਾਸਾਂ ਦੇ ਰਹਿ ਨੀ ਜਿੰਦੇ,
ਨਾਗ ਨਿਵਾਸਾਂ ਦੇ ਰਹਿ।
ਸਿਰ ਤੇ ਪੈਣ ਵਦਾਨ ਹਥੌੜੇ,
ਔਖੀ ਸੌਖੀ ਸਹਿ ਨੀ ਜਿੰਦੇ
ਔਖੀ ਸੌਖੀ ਸਹਿ

ਨਾ ਵੱਸ ਤੇਰੇ ਨਾ ਵੱਸ ਮੇਰੇ,
ਹੱਸਣਾ, ਰੋਣਾ, ਗਾਉਣਾ।
ਤੁਰੀਏ ਵੀ ਤਾਂ ਤਲਵਾਰਾਂ ਉੱਤੇ,
ਕੰਡਿਆਂ ਦੀ ਸੇਜ ਵਿਛਾਉਣਾ।
ਚੁੱਪ ਚੁਪੀਤੇ ਹਾਓਕੇ ਭਰੀਏ,
ਸਕੀਏ ਕੁਝ ਨਾ ਕਹਿ ਨੀ ਜਿੰਦੇ।
ਨਾਗ ਨਿਵਾਸਾਂ ਦੇ ਰਹਿ।

ਇਹ ਕਾਵਿ ਪੜ੍ਹਦਿਆਂ "ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ" ਦੀ ਸਥਿਤੀ ਤੇ ਵਿਚਾਰਧਾਰਕ ਚੇਤਨਾ ਨਾਲ ਸਹਿਜੇ ਹੀ ਇਕ ਪੁਲ ਸਥਾਪਤ ਹੋ ਜਾਂਦਾ ਹੈ। ਇਉਂ ਉਸਦਾ ਕਾਵਿ ਵਰਤਮਾਨ ਦੇ ਬਿੰਦੂ ਤੋਂ ਵਿਸਤ੍ਰਿਤ ਵੀ ਹੋ ਜਾਂਦਾ ਹੈ ਤੇ ਪੰਜਾਬ ਦੀ ਤ੍ਰਾਸਦੀ ਨੂੰ ਵਡੇਰੇ ਵਿਚਾਰਧਾਰਕ ਤੇ ਇਤਿਹਾਸਕ ਪ੍ਰਸੰਗ ਵਿਚ ਵੇਖਣ ਲੱਗਦਾ ਹੈ ਜਿਸ ਵਿਚ ਤ੍ਰਾਸਦੀ ਤੋਂ ਪੈਦਾ ਹੋਈ ਉਦਾਸੀ, ਪੀੜਾ ਦਾ ਅਹਿਸਾਸ ਤਾਂ ਦਿੰਦੀ ਹੈ ਪਰ ਉਸ ਵਿਚ ਚੇਤਨਾ ਨੂੰ ਪੱਕੇ ਤੌਰ 'ਤੇ ਜਕੜ ਨਹੀਂ ਦਿੰਦੀ, ਸਗੋਂ ਸੰਘਰਸ਼ ਦਾ ਅਹਿਸਾਸ ਕਰਾ ਕੇ ਅੱਗੇ ਤੋਰਦੀ ਹੈ।

ਬੋਲ ਮਿੱਟੀ ਦਿਆ ਬਾਵਿਆ/12