ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/101

ਇਹ ਸਫ਼ਾ ਪ੍ਰਮਾਣਿਤ ਹੈ

ਗ਼ਜ਼ਲ

ਬੰਦ ਕਰੋ ਦਰਵਾਜ਼ੇ ਸਾਰੇ ਭੇੜੋ ਬੂਹੇ ਬਾਰੀਆਂ।
ਅੰਨ੍ਹੀ ਨ੍ਹੇਰੀ ਭੱਜੀ ਆਉਂਦੀ ਮਾਰ ਮਾਰ ਕਿਲਕਾਰੀਆਂ।

ਇਕੋ ਬੰਦਾ ਮਰਿਆਂ ਜਿੱਥੇ ਸੁਰਖ਼ ਹਨੇਰੀ ਆਉਂਦੀ ਸੀ,
ਅੱਜ ਹਰ ਚੌਂਕ ਚੁਰਸਤੇ ਭਾਵੇਂ ਲਾ ਲਉ ਖ਼ੂਨ 'ਚ ਤਾਰੀਆਂ।

ਹਿੱਕ ਤੇ ਭਾਰ ਜਿਹਾ ਹੈ ਨਾਲੇ ਜੀਭ ਤਾਲੂਏ ਜੁੜ ਗਈ ਸੀ,
ਮੇਰਾ ਨਾਮ ਪੁਕਾਰਦਿਆਂ ਕਿਸ ਰਾਤੀਂ 'ਵਾਜਾਂ ਮਾਰੀਆਂ।

ਗਰਦ ਗੁਬਾਰ ਹਨੇਰਾ ਮਨ ਤੇ ਕਾਠੀ ਪਾ ਕੇ ਬੈਠਾ ਹੈ,
ਨਿੱਕੀਆਂ ਨਿੱਕੀਆਂ ਸੋਚਾਂ ਲੱਗਣ ਪਰਬਤ ਨਾਲੋਂ ਭਾਰੀਆਂ।

ਧੂੜ ਲਪੇਟੇ ਰਾਹਾਂ ਦੇ ਵਿਚ ਕਿੰਨੇ ਯਾਰ ਗੁਆਚ ਗਏ,
ਖਾ ਗਈਆਂ ਨੇ ਸੂਹੇ ਸੁਪਨੇ ਮਿੱਟੀ ਰੰਗੀਆਂ ਲਾਰੀਆਂ।

ਇਹ ਵੀ ਇਕ ਦਿਨ ਘਰ ਦੀ ਨੁੱਕਰੇ ਸਿਰ ਤੇ ਛੱਤਾਂ ਮੰਗਣਗੇ,
ਹੁਣ ਤੱਕ ਉਮਰ ਲੰਘਾਈ ਜਿੰਨ੍ਹਾਂ ਕਰ ਕਰ ਪਹਿਰੇਦਾਰੀਆਂ।

ਖੁਸ਼ਬੂ ਹੱਦਾਂ ਬੰਨ੍ਹੇ ਟੱਪ ਕੇ ਦੂਰ ਦੂਰ ਤਕ ਜਾਵੇਗੀ,
ਕਿਹੜੀ ਤਾਕਤ ਰੋਕੂ ਇਸ ਨੂੰ ਕਰਕੇ ਚਾਰ ਦੀਵਾਰੀਆਂ।

ਬੋਲ ਮਿੱਟੀ ਦਿਆ ਬਾਵਿਆ /101