ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/93

ਇਹ ਸਫ਼ਾ ਪ੍ਰਮਾਣਿਤ ਹੈ

ਜਿਹੜੀ ਬੀਕਾਨੇਰ ਨੂੰ ਜਾਵੇ
ਬੀਕਾਨੇਰ ਕੀ ਵਿਕਦਾ
ਉਥੇ ਖੁਲ੍ਹੀਆਂ ਵਿਕਣ ਜ਼ਮੀਨਾਂ
ਤੂੰ ਮਨ ਮੋਹ ਲਿਆ ਵੇ-
ਕੈਂਠੇ ਦਿਆ ਸ਼ੁਕੀਨਾ

ਬੰਗਾ

ਪਿੰਡਾਂ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਬੰਗੇ
ਮੋੜ ਦੇ ਉਤੇ ਇਕ ਲਲਾਰੀ
ਕਪੜੇ ਰੰਗੇ ਚੰਗੇ
ਮੁਟਿਆਰਾਂ ਨਾਲ਼ ਗੱਲਾਂ ਕਰਦਾ
ਬੁੱਢੀਆਂ ਕੋਲ਼ੋਂ ਸੰਗੇ
ਚਲੋ ਨੀ ਰੰਗਾਈਏ ਚੁੰਨੀਆਂ
ਪੈਸੇ ਮੂਲ ਨਾ ਮੰਗੇ
ਛੜਿਆ ਦੋਜਕੀਆ-
ਨਾ ਲੈ ਐਮੇਂ ਪੰਗੇ

ਪਿੰਡਾਂ ਵਿਚੋਂ ਪਿੰਡ ਸੁਣੀਂਦਾ

ਪਿੰਡ ਸੁਣੀਂਦਾ ਬੰਗੇ
ਉਥੋਂ ਦਾ ਇਕ ਲਲਾਰੀ ਸੁਣੀਂਦਾ
ਚੁੰਨੀਆਂ ਸੋਹਣੀਆਂ ਰੰਗੇ
ਪੱਗਾਂ ਦਾ ਲੈਂਦਾ ਸਵਾ ਰੁਪਿਆ
ਚੁੰਨੀਆਂ ਦਾ ਕੁਝ ਨਾ ਮੰਗੇ
ਚੁੰਨੀਆਂ ਰੰਗਾ ਲਓ ਨੀ-
ਮੁਫਤੋ ਮੁਫਤੀ ਰੰਗੇ

ਭਦੌੜ

ਪਿੰਡ ਭਦੌੜ ਦੇ ਮੁੰਡੇ ਸੋਹਣੇ
ਜੇਬਾਂ ਰਖਦੇ ਭਰੀਆਂ
ਮੇਲੇ ਜਾ ਕੇ ਪਾਉਣ ਬੋਲੀਆਂ
ਡਾਂਗਾਂ ਰੱਖਦੇ ਖੜੀਆਂ

91 - ਬੋਲੀਆਂ ਦਾ ਪਾਵਾਂ ਬੰਗਲਾ