ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/313

ਇਹ ਸਫ਼ਾ ਪ੍ਰਮਾਣਿਤ ਹੈ

ਝਾਂਜਰ ਪਤਲੋ ਦੀ
ਠਾਣੇਦਾਰ ਦੇ ਚੁਬਾਰੇ ਵਿਚ ਖੜਕੇ
ਸਤ ਮੁੰਡੇ ਉੱਗੀਆਂ ਦੇ
ਗਿੱਧਾ ਪਾਉਣ ਬੀਹੀ ਵਿਚ ਖੜ੍ਹਕੇ
ਉਹ ਘਰ ਰਤਨੀ ਦਾ
ਜਿੱਥੇ ਚੱਲਣ ਪੁਰਾਣੇ ਚਰਖੇ
ਅਰਜ਼ ਗ਼ਰੀਬਾਂ ਦੀ-
ਸੁਣ ਲੈ ਪਟ੍ਹੋਲਿਆਂ ਖੜ੍ਹ ਕੇ

ਰੜਕੇ ਰੜਕੇ ਰੜਕੇ

ਬੋਲੀ ਮਾਰ ਤੂੰ ਮਿੱਤਰਾ
ਮੈਂ ਬੈਠ ਗੀ ਕਾਲਜਾ ਫੜਕੇ
ਡਾਢਿਆਂ ਦਾ ਜ਼ੋਰ ਚਲਿਆ
ਲੈ ਜਾਣਗੇ ਜਿਨ੍ਹਾਂ ਨੇ ਦੰਮ ਖਰਚੇ
ਜਿੰਦੜੀ ਢਾਈ ਦਿਨ ਦੀ
ਕੀ ਲੈ ਜੇਂਗਾ ਗੱਭਰੂਆ ਲੜ ਕੇ
ਤਾਨ੍ਹਾ ਤੇਰਾ ਤੀਰ ਮਿੱਤਰਾ-
ਮੇਰੇ ਹਾਲੇ ਵੀ ਕਾਲ਼ਜੇ ਰੜਕੇ

ਰੜਕੇ ਰੜਕੇ ਰੜਕੇ

ਢਿਲਵੀਂ ਜੀ ਗੁੱਤ ਵਾਲ਼ੀਏ
ਤੇਰੇ ਲੈ ਗੇ ਜੀਤ ਨੂੰ ਫੜਕੇ
ਵਿਚ ਕੋਤਵਾਲੀ ਦੇ
ਥਾਣੇਦਾਰ ਤੇ ਦਰੋਗਾ ਲੜਪੇ
ਮੂਹਰੇ ਮੂਹਰੇ ਥਾਣਾ ਭੱਜਿਆ
ਮਗਰੇ ਦਰੋਗਾ ਖੜਕੇ
ਸ਼ੀਸ਼ਾ ਮਿੱਤਰਾਂ ਦਾ-
ਦੇਖ ਲੈ ਪੱਟਾਂ ਤੇ ਧਰ ਕੇ

ਰੜਕੇ ਰੜਕੇ ਰੜਕੇ

ਨਾਈਆਂ ਦੇ ਘਰ ਭੇਡ ਲਵੇਰੀ
ਬਾਹਰੋਂ ਆਈ ਚਰਕੇ

311- ਬੋਲੀਆਂ ਦਾ ਪਾਵਾਂ ਬੰਗਲਾ