ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/266

ਇਹ ਸਫ਼ਾ ਪ੍ਰਮਾਣਿਤ ਹੈ

ਪਾ ਕੇ ਹੱਥ ਬਨੇਰੇ
ਅੱਗ ਹਰਨਾਮੀ ਨੇ-
ਲਾ ਤੀ ਕਾਲਜੇ ਮੇਰੇ

ਮਹਿੰਦੀ ਮਹਿੰਦੀ ਸਭ ਜਗ ਕਹਿੰਦਾ

ਮੈਂ ਵੀ ਕਹਿੰਦਾ ਮਹਿੰਦੀ
ਬਾਗ਼ਾਂ ਦੇ ਵਿਚ ਮਿਲਦੀ ਸਸਤੀ
ਹੱਟੀਓਂ ਮਿਲਦੀ ਮਹਿੰਗੀ
ਹੇਠਾਂ ਕੂੰਡੀ ਉਪਰ ਸੋਟਾ
ਰਗੜ ਦੋਨਾਂ ਦੀ ਸਹਿੰਦੀ
ਰਗੜ ਰਗੜ ਕੇ ਲਾ ਲੀ ਹੱਥਾਂ ਨੂੰ
ਬੱਤੀਆਂ ਬਣ ਬਣ ਲਹਿੰਦੀ
ਚੋਟਾਂ ਇਸ਼ਕ ਦੀਆਂ-
ਗੋਰਿਆਂ ਪੱਟਾਂ ਤੇ ਸਹਿੰਦੀ

ਸਮਝਾ ਲੈ ਬੁੜ੍ਹੀਏ ਆਪਣੇ ਪੁੱਤ ਨੂੰ

ਨਿੱਤ ਠੇਕੇ ਇਹ ਜਾਂਦਾ
ਭਰ ਭਰ ਪੀਵੇ ਜਾਮ ਪਿਆਲੇ
ਫੀਮ ਬੁਰਕੀਏਂ ਖਾਂਦਾ
ਘਰ ਦੀ ਸ਼ੱਕਰ ਬੂਰੇ ਵਰਗੀ
ਗੁੜ ਚੋਰੀ ਦਾ ਖਾਂਦਾ
ਘਰ ਦੀ ਨਾਰੀ ਬੁਰਛੇ ਵਰਗੀ
ਨਿੱਤ ਮਿਹਰੀ ਦੇ ਜਾਂਦਾ
ਲੱਗਿਆ ਇਸ਼ਕ ਬੁਰਾ-
ਬਿਨ ਪੌੜੀ ਚੜ੍ਹ ਜਾਂਦਾ

ਰੰਡੀਏ ਹਟਾ ਪੁੱਤ ਨੂੰ

ਕੋਲ਼ ਠੇਕੇਦਾਰ ਦੇ ਜਾਵੇ
ਠੇਕੇਦਾਰ ਅਜਬ ਬੁਰਾ
ਜਿਹੜਾ ਮੁਫਤ ਸ਼ਰਾਬ ਪਲਾਵੇ
ਘਰ ਦੀ ਸ਼ੱਕਰ ਬੂਰੇ ਵਰਗੀ
ਗੁੜ ਚੋਰੀ ਦਾ ਖਾਵੇ

264 - ਬੋਲੀਆਂ ਦਾ ਪਾਵਾਂ ਬੰਗਲਾ