ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/263

ਇਹ ਸਫ਼ਾ ਪ੍ਰਮਾਣਿਤ ਹੈ

ਇਸ਼ਕ ਤੰਦੂਰ ਤਪਦਾ

ਇਸ਼ਕ ਤੰਦੁਰ ਹੱਡਾਂ ਦਾ ਬਾਲਣ
ਦੋਜ਼ਖ ਨਾਲ ਤਪਾਵਾਂ
ਕੱਢ ਕਾਲਜਾ ਕਰਲਾਂ ਪੇੜੇ
ਇਸ਼ਕ ਪਲੇਥਣ ਲਾਵਾਂ
ਕੁੱਟ ਚੂਰੀ ਮੈਂ ਪੋਣੇ ਬੰਨ੍ਹਦੀ
ਘਿਓ ਨੈਣਾਂ ਦਾ ਪਾਵਾਂ
ਜਿਗਰੀ ਯਾਰ ਦੀਆਂ-
ਬਹਿ ਕੇ ਔਂਸੀਆਂ ਪਾਵਾਂ

ਚੱਲ ਵੇ ਮਿੱਤਰਾ ਚੱਲੀਏ ਬਾਹਰ ਨੂੰ

ਦਿਲ ਦਾ ਹਾਲ ਸੁਣਾਵਾਂ
ਸੱਸ ਕੁਪੱਤੀ ਮਿਹਣੇ ਦਿੰਦੀ
ਵਿਹੁ ਖਾ ਕੇ ਮਰ ਜਾਵਾਂ
ਕੁੜੀਆਂ ਕੋਲੋਂ ਮੰਗਣ ਬਸੰਤਰ
ਕਿਹੜੇ ਵੈਦ ਤੋਂ ਲਿਆਵਾਂ
ਇਸ਼ਕ ਤੰਦੂਰ ਤਪਦਾ
ਵਿਚ ਹੱਡੀਆਂ ਦਾ ਬਾਲਣ ਪਾਵਾਂ
ਕੁੰਜੀਆਂ ਇਸ਼ਕ ਦੀਆਂ
ਮੈਂ ਕਿਹੜੇ ਜਿੰਦੇ ਨੂੰ ਲਾਵਾਂ
ਕਬਰਾਂ ਉਡੀਕ ਦੀਆਂ-
ਜਿਉਂ ਪੁੱਤਰਾਂ ਨੂੰ ਮਾਵਾਂ

ਆਉਣ ਜਾਣ ਨੂੰ ਨੌਂ ਦਰਵਾਜ਼ੇ

ਖਿਸਕ ਜਾਣ ਨੂੰ ਮੋਰੀ
ਕੱਢ ਕਾਲਜਾ ਤੈਨੂੰ ਦਿੱਤਾ
ਮਾਪਿਆਂ ਕੋਲ਼ੋਂ ਚੋਰੀ
ਚੁਪ ਚਾਪ ਕੇ ਐਂ ਸਿੱਟ ਦਿੱਤਾ
ਜਿਉਂ ਗੰਨੇ ਦੀ ਪੋਰੀ
ਕੂਕਾਂ ਪੈਣ ਗੀਆਂ-
ਨਿਹੁੰ ਨਾ ਲਗਦੇ ਜ਼ੋਰੀ

261 - ਬੋਲੀਆਂ ਦਾ ਪਾਵਾਂ ਬੰਗਲਾ