ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/232

ਇਹ ਸਫ਼ਾ ਪ੍ਰਮਾਣਿਤ ਹੈ

ਜੇਠ ਜਠਾਣੀ ਇੱਟਾਂ ਢੋਂਦੇ
ਮੈਂ ਢੋਂਦੀ ਗਾਰਾ
ਮੇਰੀ ਹਾ ਪੈ ਜੇ
ਸਿਖਰੋਂ ਡਿਗੇ ਚੁਬਾਰਾ

ਜੇਠ ਜਠਾਣੀ ਗਾਰਾ ਢੋਂਦੇ

ਮੈਂ ਢੋਂਦੀ ਪਾਣੀ
ਮੇਰੀ ਹਾ ਪੈ ਜੇ
ਸਿਖਰੋਂ ਡਿਗੇ ਜਠਾਣੀ

ਜੇਠ ਤੇ ਜਠਾਣੀ ਦੋਵੇਂ

ਜੇਠ ਤੇ ਜਠਾਣੀ ਦੋਵੇਂ
ਖਾਂਦੇ ਖਾਂਦੇ ਲੜ ਪੇ
ਫਿਰ ਕੌਲੀ ਤੇ ਕੌਲੀ ਖੜਕੇ

ਮੈਂ ਤਾਂ ਜੇਠ ਨੂੰ

ਜੀ ਜੀ ਕਹਿੰਦੀ
ਮੈਨੂੰ ਪੰਜ ਸਤ ਕਹਿ ਗਿਆ
ਨੀ ਵਿਚ ਦਰਵਾਜ਼ੇ ਦੇ
ਮੁੱਛਾਂ ਚੜ੍ਹਾ ਕੇ ਬਹਿ ਗਿਆ

ਮੈਨੂੰ ਤਾਂ ਕਹਿੰਦਾ ਸੂਟ ਨੀ ਪਾਉਂਦੀ

ਮੈਂ ਪਾ ਲਿਆ ਸ਼ਰਦਈ
ਜੇਠ ਦੀ ਨਜ਼ਰ ਬੁਰੀ
ਗੋਡਿਆਂ ਪਰਨੇ ਪਈ

ਟੁੱਟ ਪੈਣਾ ਨੀ

ਆਂਦੀ ਜਾਂਦੀ ਨੂੰ ਛੇੜਦਾ ਰਹਿੰਦਾ
ਖੜਾ ਦਰਾਂ ਦੇ ਉਹਲ਼ੇ
ਜੇਠ ਹਲ਼ਕ ਗਿਆ
ਬਿਨਾਂ ਬੁਲਾਏ ਬੋਲੇ

230 - ਬੋਲੀਆਂ ਦਾ ਪਾਵਾਂ ਬੰਗਲਾ