ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/18

ਇਹ ਸਫ਼ਾ ਪ੍ਰਮਾਣਿਤ ਹੈ

ਗਾਉਣ ਵਾਲ਼ੇ ਨੂੰ ਗਾਉਣ ਬਖਸ਼ੇਂ
ਪੜ੍ਹਨ ਵਾਲ਼ੇ ਨੂੰ ਬਾਣੀ
ਭੁੱਖਿਆਂ ਨੂੰ ਜਲ ਭੋਜਨ ਬਖਸ਼ੇਂ
ਪਿਆਸਿਆਂ ਨੂੰ ਜਲ ਪਾਣੀ
ਖੂਨੀਆਂ ਨੂੰ ਤੂੰ ਜੇਲ੍ਹੋਂ ਕੱਢੇਂ
ਦੁੱਧੋਂ ਨਤਾਰੇਂ ਪਾਣੀ
ਮਰਦੀ ਕਾਕੋ ਦੇ-
ਮੂੰਹ ਵਿਚ ਪਾ ਦੇ ਪਾਣੀ

ਦੇਵੀ ਮਾਤਾ ਨੂੰ ਪਹਿਲਾਂ ਧਿਆ ਕੇ

ਵਿਚ ਭਾਈਆਂ ਦੇ ਖੜ੍ਹੀਏ
ਉੱਚਾ ਬੋਲ ਨਾ ਬੋਲੀਏ ਭਰਾਵੋ
ਮਹਾਰਾਜ ਤੋਂ ਡਰੀਏ
ਰੰਨਾਂ ਦੇਖ ਕੇ ਦਿਲ ਨਾ ਛੱਡੀਏ
ਪੈਰ ਸੰਭਲ ਕੇ ਧਰੀਏ
ਗੂੰਗਾ, ਕਾਣਾ, ਅੰਨਾ, ਬੋਲ਼ਾ
ਟਿਚਰ ਜਮਾ ਨਾ ਕਰੀਏ
ਮਾਈ ਬਾਪ ਦੀ ਕਰੀਏ ਸੇਵਾ
ਮਾਂ ਦੇ ਨਾਲ਼ ਨਾ ਲੜੀਏ
ਸੇਵਾ ਸੰਤਾਂ ਦੀ-
ਮਨ ਚਿੱਤ ਲਾ ਕੇ ਕਰੀਏ

ਪਹਿਲਾਂ ਨਾਂ ਹਰੀ ਦਾ ਲੈਂਦਾ

ਪਿਛੋਂ ਹੋਰ ਕੰਮ ਕਰਦਾ
ਡੇਰੇ ਸੋਹਣੇ ਸੰਤਾਂ ਦੇ
ਮੈਂ ਰਿਹਾ ਗੁਰਮੁਖੀ ਪੜ੍ਹਦਾ
ਜਿਹੜਾ ਫਲ਼ ਕੇਰਾਂ ਟੁੱਟਿਆ
ਉਹ ਮੁੜ ਨਾ ਵੇਲ ਤੇ ਚੜ੍ਹਦਾ
ਕਹਿਣਾ ਸੋਹਣੇ ਸੰਤਾਂ ਦਾ
ਮਾੜੇ ਬੰਦੇ ਦੇ ਕੋਲ਼ ਨਾ ਖੜ੍ਹਦਾ
ਨਾਂ ਸੱਚੇ ਗੁਰ ਪੀਰ ਦਾ-
ਲੈ ਕੇ ਗਿੱਧੇ ਵਿਚ ਬੜਦਾ

16 -- ਬੋਲੀਆਂ ਦਾ ਪਾਵਾਂ ਬੰਗਲਾ