ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/154

ਇਹ ਸਫ਼ਾ ਪ੍ਰਮਾਣਿਤ ਹੈ

ਮਾਵਾਂ ਧੀਆਂ

ਪੱਚੀਆਂ ਪਿੰਡਾਂ ਦਾ ਮੇਰਾ ਢੋਲ ਪਟਵਾਰੀ
ਨਿਤ ਆਉਣਾ ਜਾਣਾ ਉਹਦਾ ਕੰਮ ਸਰਕਾਰੀ
ਮੇਰਾ ਤਾਂ ਮੰਦੜਾ ਹਾਲ ਮਾਏਂ ਮੇਰੀਏ
ਦੱਸ ਕਿੱਦਾਂ ਕੱਢਾਂ ਰੁਮਾਲ ਮਾਏਂ ਮੇਰੀਏ

ਮਾਏ ਨੀ ਮਾਏਂ

ਮਾਏਂ ਨੀ ਮਾਏਂ
ਮੈਨੂੰ ਕੁੜਤੀ ਸਮਾਦੇ
ਉਤੇ ਲਵਾਦੇ ਜੇਬ
ਜੇਬ ਵਿਚ ਡੱਬੀ
ਡੱਬੀ ਵਿਚ ਨਾਗ
ਨਾਗ ਪਿਆ ਜਾਗ
ਨਾਗ ਤੋਂ ਮੈਂ ਬਚਗੀ
ਕਿਸ ਗੱਭਰੂ ਦੇ ਭਾਗ

ਦੇਖੋ ਕੁੜੀਓ ਨੀ

ਮੇਰੀ ਮਾਂ ਤੁਰੀ ਆਉਂਦੀ ਐ
ਮੇਰੀ ਮਾਂ ਤੁਰੀ ਆਉਂਦੀ ਐ
ਸਿਰ ਤੇ ਸੰਧਾਰਾ
ਮਗਰ ਨੂੰਹਾਂ ਲਾਈ ਆਉਂਦੀ ਐ

ਮਾਂ ਮੁਕਲਾਵਾ ਤੋਰ ਦੇ

ਧੀਏ ਨੀ ਏਨੀ ਛੇਤੀ
ਦੋ ਸਾਲ ਚਾਰ ਸਾਲ ਛੇ ਸਾਲ
ਅਠ ਸਾਲ ਦਸ ਸਾਲ ਬਾਰਾਂ ਸਾਲ
ਚੌਦਾਂ ਸਾਲ
ਮੈਨੂੰ ਸਾਲ ਸੋਲ੍ਹਵਾਂ ਚੜ੍ਹਿਆ
ਅਜੇ ਵੀ ਕਹਿੰਦੀ ਛੋਟੀ ਐਂ

152 - ਬੋਲੀਆਂ ਦਾ ਪਾਵਾਂ ਬੰਗਲਾ