ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/149

ਇਹ ਸਫ਼ਾ ਪ੍ਰਮਾਣਿਤ ਹੈ

ਮਾਪੇ-ਪਿਓਕੇ-ਸਹੁਰੇ

ਮਾਪਿਆਂ ਨੇ ਮੈਂ ਰੱਖੀ ਵੇ ਲਾਡਲੀ
ਸਹੁਰੀਂ ਲਾ ਲਈ ਚੱਕੀ
ਮਾਂ ਦੀਏ ਲਾਡਲੀਏ
ਸੌ ਵਲ ਪੈਂਦੇ ਬੱਖੀ

ਮਾਪਿਆਂ ਨੇ ਮੈਂ ਰੱਖੀ ਲਾਡਲੀ

ਸਹੁਰੀਂ ਲਾ ਲਈ ਰੇਹ ਵੇ
ਐਵੇਂ ਜਨਮ ਗਵਾਇਆ
ਚੰਨਣ ਵਰਗੀ ਦੇਹ ਵੇ

ਲੈ ਪੋਣਾ ਮੈਂ ਸਾਗ ਨੂੰ ਚੱਲੀ ਆਂ

ਉਲਝ ਗਈ ਵਿਚ ਝਾਫਿਆਂ ਦੇ
ਮੇਰੀ ਸੁਰਤ ਗਈ ਵਿਚ ਮਾਪਿਆਂ ਦੇ

ਰੇਲਾਂ ਵਾਲ਼ਿਆ ਰੇਲ ਜਾਵੇ ਲੰਦਨ ਨੂੰ

ਪੈਸਾ ਦੇ ਢਕਣਾ ਬਚਨੋ ਦੇ ਕੰਗਣ ਨੂੰ
ਰੇਲਾਂ ਵਾਲ਼ਿਆ ਰੇਲਾਂ ਵਿਚ ਖੀਰੇ ਨੇ
ਖੋਹਲ਼ੋ ਟਾਕੀਆਂ ਵਿਚ ਮੇਰੇ ਵੀਰੇ ਨੇ
ਰੇਲਾਂ ਵਾਲ਼ਿਆ ਰੇਲਾਂ ਵਿਚ ਝਾਫੇ ਨੇ
ਖੋਹਲ਼ੋ ਟਾਕੀਆਂ ਵਿਚ ਮੇਰੇ ਮਾਪੇ ਨੇ

ਤਖਤ ਹਜ਼ਾਰਿਓਂ ਵੰਗਾਂ ਆਈਆਂ

ਬੜੇ ਸ਼ੌਕ ਨਾਲ਼ ਪਾਵਾਂ
ਮਾਪਿਆਂ ਦਾ ਦੇਸ ਛੱਡ ਕੇ
ਮੈਂ ਕਿਵੇਂ ਮੁਕਲਾਵੇ ਜਾਵਾਂ

ਮਾਪਿਆਂ ਦੇ ਘਰ ਖਰੀਓ ਲਾਡਲੀ

ਸਹੁਰੀਂ ਲਾ ਲਈ ਚੱਕੀ
ਨੀ ਮਾਂ ਦੀਏ ਲਾਡਲੀਏ
ਨੌਂ ਵਲ ਪੈਂਦੇ ਬੱਖੀ

147 - ਬੋਲੀਆਂ ਦਾ ਪਾਵਾਂ ਬੰਗਲਾ