ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/137

ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਵਹੁਟੀ ਨਾਲ਼ ਸੀ ਹਸਦਾ
ਤੜਕੇ ਨੂੰ ਉਜੜ ਗਿਆ-
ਚੰਗਾ ਭਲਾ ਘਰ ਵਸਦਾ

ਛੜਾ ਛੜਾ ਨਾ ਕਰਿਆ ਕਰਨੀ

ਦੇਖ ਛੜੇ ਨਾਲ਼ ਲਾ ਕੇ
ਪਹਿਲਾਂ ਤੇਰੇ ਭਾਂਡੇ ਮਾਂਜੂ
ਫੇਰ ਦਊਗਾ ਪਕਾ ਕੇ
ਬਹਿਜਾ ਪਟੜੇ ਤੇ-
ਰੇਬ ਪਜਾਮਾ ਪਾ ਕੇ

ਛੜਾ ਛੜਾ ਕੀ ਕਰਦੀ ਭਾਬੀਏ

ਤੂੰਹੀਓਂ ਸਾਕ ਕਰਾ ਦੇ
ਸੱਤਰ ਕੀਲੇ ਭੋਂਇਂ ਜੱਟ ਦੀ
ਭਾਵੇਂ ਬੈ ਕਰਵਾ ਦੇ
ਜੇ ਤੈਨੂੰ ਹਮਦਰਦੀ-
ਸਾਕ ਭੈਣ ਦਾ ਲਿਆ ਦੇ

ਛੜਾ ਛੜਾ ਨਾ ਕਰਿਆ ਕਰ ਨੀ

ਛੜੇ ਕਰਮਾਂ ਦੇ ਮਾਰੇ
ਪਹਿਲਾਂ ਤਾਂ ਇਹ ਰੱਬ ਨੇ ਝਿੜਕੇ
ਫੇਰ ਲੋਕਾਂ ਨੇ ਫਿਟਕਾਰੇ
ਇਹਨਾਂ ਛੜਿਆਂ ਨੂੰ-
ਨਾ ਝਿੜਕੀਂ ਮੁਟਿਆਰੇ

ਛੜਾ ਛੜਾ ਨਾ ਕਰਿਆ ਕਰ ਨੀ

ਦੇਖ ਛੜੇ ਨਾਲ਼ ਲਾ ਕੇ
ਛੜਾ ਤਾਂ ਤੈਨੂੰ ਐਂ ਰੱਖ ਲੈਂਦਾ
ਹਿੱਕ ਦਾ ਵਾਲ਼ ਬਣਾ ਕੇ
ਲੱਗੀਆਂ ਸਿਆਲ ਦੀਆਂ
ਟੁੱਟੀਆਂ ਪਿੜਾਂ ਵਿਚ ਜਾ ਕੇ

135 - ਬੋਲੀਆਂ ਦਾ ਪਾਵਾਂ ਬੰਗਲਾ