ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੋਚਿਆ, "ਆ ਕਿਰਪੂ ਮੁੜ ਆ। ਤੂੰ ਬਿਮਾਰ ਏਂ, ਮੈਂ ਤੇਰਾ ਇਲਾਜ ਕਰਾਵਾਂਗਾ। ਤੇਰੀ ਵਹੁਟੀ ਤੇ ਬਚਿਆਂ ਨੂੰ ਸਦ ਦੇਂਦਾ ਹਾਂ। ਤੂੰ ਮੇਰੇ ਘਰ ਹੀ ਰਹੁ। ਜਿੰਨਾ ਚਿਰ ਤੂੰ ਰਾਜ਼ੀ ਨਹੀਂ ਹੁੰਦਾ ਤੇਰੀ ਨੌਕਰੀ ਉਵੇਂ ਰਹੇਗੀ।"

ਮਨੁੱਖ ਦਿਲ ਦੇ ਜਵਾਰ ਭਾਟਿਆਂ ਦਾ ਵੀ ਕੋਈ ਅੰਤ ਨਹੀਂ ਆਉਂਦਾ। ਕਈ ਵਾਰ ਮੁਸੀਬਤਾਂ ਵਿਚੋਂ ਨਿਕਲ ਕੇ ਦਿਲ ਸੁੱਖਾਂ ਦੇ ਸੁਫਨੇ ਘੜਨ ਲਗ ਜਾਂਦਾ ਹੈ। ਕਿਰਪੂ ਨੂੰ ਜੰਗਣ ਸਿੰਘ ਦਾ ਮਗਰ ਉਹਨੂੰ ਮੋੜਣ ਲਈ ਆਉਣ ਦਾ ਖ਼ਿਆਲ ਇਉਂ ਆਇਆ ਜੀਕਰ ਕੁੜਿੱਤਣਾਂ ਵਿਚ ਕਿਸੇ ਨੂੰ ਅਮ੍ਰਿਤ ਦਾ ਘੁਟ ਮਿਲ ਗਿਆ ਹੁੰਦਾ ਹੈ। ਪਰ ਇਹ ਸਥਿਰ ਰਹਿਣ ਵਾਲੀ ਖ਼ਾਬ ਥੋੜੇ ਸੀ। ਇਹ ਤਾਂ ਤਸੱਵਰਾਂ ਦੀ ਘੜੀ ਹੋਈ ਦੁਨੀਆ ਸੀ, ਜਿਹੜੀ ਖਬਰਾਂ ਨਾਲ ਵਜਦੀ ਸ਼ੀਸ਼ਿਆਂ ਦੀ ਟੋਕਰੀ ਵਾਂਗ ਭਜ ਕੇ ਠੀਕਰੀ ਠੀਕਰੀ ਹੋ ਗਈ।

ਪਹੁ ਫੁਟ ਚੁਕੀ ਸੀ। ਰਾਤ ਦੇ ਸਫ਼ਰ ਦਾ ਥੱਕਿਆ ਟੁਟਿਆ ਪਾਲੇ ਨਾਲ ਸੁੰਨ ਹੋਇਆ ਕਿਰਪੂ ਇਕ ਪਿੰਡ ਲਾਗਲੇ ਬੋਹੜ ਕੋਲ ਨਿੱਘੀ ਧੁੱਪ ਦੀ ਉਡੀਕ ਵਿਚ ਆਰਾਮ ਕਰਨ ਲਈ ਬਹਿ ਗਿਆ ਤੇ ਨਿਕਲਦੇ ਸੂਰਜ ਦੀ ਇੰਤਜ਼ਾਰ ਕਰਨ ਲਗਾ।

ਮੁਸੀਬਤਾਂ ਦੇ ਖ਼ਿਆਲ ਮਨੁੱਖ ਨੂੰ ਮੁਸੀਬਤਾਂ ਜਿੰਨਾਂ ਹੀ ਦੁਖੀ ਕਰ ਦੇਂਦੇ ਹਨ। ਦੁਨੀਆ ਬਣੀ ਜੂ ਖ਼ਿਆਲਾਂ ਦੀ ਹੋਈ। ਜਿਹੋ ਜਿਹਾ ਕੋਈ ਸੋਚੇਗਾ ਉਹੋ ਜਿਹੀ ਅਵਸਥਾ ਉਹਦੀ ਬਣਦੀ ਜਾਇਗੀ।

ਰਾਤ ਭਰ ਮੁੜ ਮੁੜ ਚੇਤੇ ਆਉਂਦੀਆਂ ਪੁਰਾਣੀਆਂ ਵਾਰਦਾਤਾਂ ਨੇ ਕਿਰਪੂ ਨੂੰ ਬੇਕਰਾਰ ਕਰ ਘੱਤਿਆ ਸੀ। ਉਹ ਇਸ ਪਰਵਾਹ ਵਿਚੋਂ ਨਿਕਲ ਕੇ ਸੁਖ ਜਿਹਾ ਚਾਹੁੰਦਾ ਸੀ — ਕੋਈ ਖ਼ਿਆਲ ਨਾ ਆਵੇ ਜੰਗਣ ਸਿੰਘ ਦਾ, ਉਹਦੇ ਖੇਤਾਂ, ਬੰਨਿਆਂ ਤੇ ਪਿੰਡ ਦਾ — ਜਦ ਉਹਦੇ ਨਾਲ ਕੋਈ ਵਾਸਤਾ ਹੀ ਨਹੀਂ ਕਿਉਂ ਉਹਦੀਆਂ ਗਲਾਂ ਸੋਚ ਸੋਚ ਦੁਖੀ ਹੋਇਆ ਜਾਵੇ। ਹੁਣ ਮੈਂ ਆਜ਼ਾਦ ਹਾਂ ਕਿਸੇ ਦਾ ਨੌਕਰ ਥੋੜੇ ਹਾਂ — ਆਪਣੇ ਟੱਬਰ

ਕੋਲ ਜਾ ਰਿਹਾ ਹਾਂ — ਤੇ ਉਹਦੀਆਂ ਅੱਖਾਂ ਚਮਕ ਪਈਆਂ। ਟੱਬਰ ਦੇ

71