ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਵਾਹਰ ਲਾਲ

ਓਸ ਸਕੂਲੇ ਪੜਾਉਂਦਾ ਪੜਾਉਂਦਾ ਮੁਨਸ਼ੀ ਬੁੱਢਾ ਹੋ ਗਿਆ ਸੀ।

ਸ਼ਾਮੀਂ ਹੀ ਉਸ ਸੁਣ ਲਿਆ ਸੀ ਕਿ ਭਲਕੇ ਜਵਾਹਰ ਲਾਲ ਉਨਾਂ ਦੇ ਪਿੰਡ ਆ ਰਹੇ ਹਨ। ਉਸ ਗਲ ਪਾਇਆ ਖੱਦਰ ਦਾ ਕੁਰਤਾ ਤੇ ਪਾਜਾਮਾ ਧੋ ਲਏ ਤੇ ਜੁੱਤੀ ਤੇਲ ਨਾਲ ਲਿਸ਼ਕਾ ਲਈ। ਜੱਗੇ ਨਾਈ ਸਦ ਕੇ ਹਜਾਮਤ ਕਰਵਾਈ। ਪਤਲੀ ਜਿਹੀ ਚਿੱਟੇ ਵਾਲਾਂ ਦੀ ਬੋਦੀ ਉਸ ਦੇ ਸਿਰ ਤੇ ਪਾਣੀ ਦੀ ਧਾਰ ਜਾਪਦੀ ਸੀ।

ਨਾ ਉਸ ਕਦੇ ਕਾਂਗਰਸੀ ਫੰਡਾਂ ਵਿਚ ਚੰਦਾ ਦਿੱਤਾ ਸੀ ਤੇ ਨਾ ਹੀ ਉਹ ਕਾਂਗਰਸ ਦਾ ਮੈਂਬਰ ਕਦੇ ਬਣਿਆ, ਪਤਾ ਨਹੀਂ ਫੇਰ ਵੀ ਲੋਕੀਂ ਉਹਨੂੰ ਕਿਉਂ ਕਾਂਗਰਸੀਆ ਸੱਦਦੇ ਰਹਿੰਦੇ ਸਨ?

ਆਪਣਾ ਘਰ ਵੀ ਓਦਨ ਉਸ ਲਿੰਬਿਆ ਪੋਚਿਆ, ਚੀਜ਼ਾਂ ਤਰਤੀਬ ਵਾਰ ਚਿਣੀਆਂ ਜੀਕਰ ਜਵਾਹਰ ਲਾਲ ਨੇ ਪਹਿਲਾਂ ਓਸੇ ਦੇ ਘਰ ਜਾਣਾ ਹੁੰਦਾ ਹੈ। ਲਿੰਬਦੇ ਪੋਚਦੇ ਨੂੰ ਉਹਦੇ ਗੁਆਂਢੀਆਂ ਤਕਿਆ ਉਹ ਕੁਝ ਗੁਨ ਗੁਨਾ ਰਿਹਾ ਸੀ ਤੇ ਉਹਦੀਆਂ ਅਖਾਂ ਵਿਚ ਚਮਕ ਸੀ।

1