ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਈ ਤਰ੍ਹਾਂ ਦੇ ਖ਼ਿਆਲ ਮੈਂ ਉਸ ਬਾਰੇ ਦੌੜਾਂਦਾ ਸਾਂ। ਕਦੇ ਸੋਚਦਾ, ਇਹ ਡਾਕਟਰ ਹੋਵੇਗੀ, ਪਰ ਮੈਨੂੰ ਪਤਾ ਸੀ ਡਾਕਟਰ ਏਸ ਬਸਤੀ ਦਾ ਹੋਰ ਹੈ। ਕਦੇ ਵਿਚਾਰ ਆਉਂਦੀ ਬਸਤੀ ਵਾਲਿਆਂ ਇਹ ਕੋਈ ਨਰਸ ਰਖੀ ਹੋਵੇਗੀ, ਪਰ ਉਸ ਕਦੇ ਪੋਸ਼ਾਕ ਨਰਸਾਂ ਵਾਲੀ ਨਹੀਂ ਸੀ ਪਾਈ। ਮੈਨੂੰ ਪਤਾ ਸੀ ਮੇਰੇ ਵਾਂਙੂ ਹੋਰ ਵੀ ਕਈ ਉਹਨੂੰ ਨਹੀਂ ਜਾਣਦੇ। ਬਿਮਾਰਾਂ ਕੋਲ ਵੀ ਉਹ ਲਗ ਪਗ ਰਾਤ ਦੇ ਹਨੇਰੇ ਵਿਚ ਹੀ ਜਾਂਦੀ ਵੇਖੀਦੀ ਹੈ।

ਇਕ ਦਿਨ ਆਥਣ ਨੂੰ ਜਦੋਂ ਸੂਰਜ ਡੁਬ ਰਿਹਾ ਸੀ, ਮੈਂ ਸੜਕ ਤੇ ਪਿਆ ਟਹਿਲਦਾ ਸਾਂ, ਕਿ ਕਿਸੇ ਕੋਠੀ ਵਿਚੋਂ ਸਾਜ਼ਾਂ ਦੀ ਆਵਾਜ਼ ਮੇਰੇ ਕੰਨੀ ਪਈ। ਮੈਂ ਹੋਰ ਅਗੇਰੇ ਵਧਿਆ। ਓੜਕ ਉਸੇ ਕੋਠੀ ਅਗੇ ਠਹਿਰ ਗਿਆ। ਉਥੇ ਹੀ ਕੁਝ ਵਜ ਰਿਹਾ ਸੀ।

ਅਸਲ ਵਿਚ ਏਥੋਂ ਦਾ ਯੁਵਕ ਸਖ਼ਤ ਬੀਮਾਰ ਹੋਇਆ ਹੋਇਆ ਸੀ। ਆਮ ਲੋਕਾਂ ਦੀ ਆਵਾਜਾਈ ਬੰਦ ਕੀਤੀ ਹੋਈ ਸੀ। ਅਗੇ ਵੀ ਮੈਂ ਉਥੋਂ ਝਕਦਾ ਝਕਦਾ ਹੀ ਜਾਂਦਾ ਹੁੰਦਾ ਸਾਂ। ਜੇਰਾ ਕਰ ਕੇ ਅਜ ਵੀ ਚਲਾ ਗਿਆ। ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦ ਤਕਿਆ ਉਹੀ ਕੁੜੀ ਅਜ ਵੀ ਰੋਗੀ ਮੁੰਡੇ ਕੋਲ ਹੀ ਬੈਠੀ ਦਿਲਰੁਬਾ ਵਜਾ ਰਹੀ ਸੀ। ਬੜੀਆਂ ਧੀਮੀਆਂ ਤੇ ਕੋਮਲ ਸੁਰਾਂ ਆਥਣ ਦੀ ਮਦਹੋਸ਼ੀ ਵਿਚ ਗੁੰਮ ਹੋ ਰਹੀਆਂ ਸਨ। ਉਹਦਾ ਹੱਥ ਸਾਜ਼ ਉਤੇ ਤੇ ਅੱਖਾਂ ਕਦੇ ਕਦੇ ਬੀਮਾਰ ਦੀ ਨਜ਼ਰ ਨੂੰ ਛੂੰਹਦੀਆਂ ਲੋਆਂ ਵਿਚ ਜੁੜਦੀਆਂ। ਮੁੰਡੇ ਦੀਆਂ ਅੱਖਾਂ ਕੰਬਦੀਆਂ ਤਰਬਾਂ ਵਿਚੋਂ ਜੀਕਰ ਕੋਈ ਗੁੰਮੀ ਹੋਈ ਚੀਜ਼ ਲਭਦੀਆਂ ਸਨ।

ਮੈਂ ਅਡੋਲ ਇਕ ਕੁਰਸੀ ਤੇ ਬਹਿ ਗਿਆ — ਦੂਰ ਜਿਹੇ।

ਆਂਹਦੇ ਸਨ ਉਹ ਮੁੰਡਾ ਸਾਰਾ ਦਿਨ ਬੁਰੜਾਂਦਾ ਰਹਿੰਦਾ ਸੀ ਤੇ ਟਿਕਦਾ ਨਹੀਂ ਸੀ ਹੁੰਦਾ। ਪਰ ਮੈਂ ਤਕਿਆ ਜਿਉਂ ਜਿਉਂ ਉਹ ਤਾਨਾਂ ਵਿਚ ਸੁਰ ਕਰਦੀ ਸੀ, ਮੁੰਡੇ ਦੇ ਚਿਹਰੇ ਦੀ ਤਾਬੀਰ ਕੁਝ ਇਉਂ ਹੁੰਦੀ ਜਾਂਦੀ ਜੀਕਰ ਕਿਰਨਾਂ ਨਾਲ ਢਲਦੇ ਕੋਰੇ ਹੇਠੋਂ ਨਿਕਲਦਾ ਫੁਲ ਹੁੰਦਾ ਹੈ। ਮੁੜ ਕੁਝ ਚਿਰ ਲਈ ਉਹ ਰੁਕੀ।

98