ਪੰਨਾ:ਬਿਜੈ ਸਿੰਘ.pdf/112

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਬਾਕਾ ਦੇ ਕੇ ਸੁਆਹ ਹੋ ਗਈ, ਪਰ ਸੜਿਆ ਕੁਝ ਬੀ ਨਾਂ।

ਜਾਂ ਦਿਨ ਹੋਇਆ ਬੇਗਮ ਵੈਸਾਖ ਦੇ ਨਵੇਂ ਚੜ੍ਹਦੇ ਸੂਰਜ ਵਾਂਗ ਚਮਕਦੀ ਸ਼ੀਲ ਕੌਰ ਦੇ ਕਮਰੇ ਵਿਚ ਗਈ, ਜੋ ਇਸ ਵੇਲੇ ਜਪੁਜੀ ਸਾਹਿਬ ਦੇ ਭੋਗ ਪਾਕੇ ਅਰਦਾਸਾ ਸੋਧ ਰਹੀ ਸੀ। ਦੋਵੇਂ ਸਹੇਲੀਆਂ ਪ੍ਰੇਮ ਨਾਲ ਮਿਲੀਆਂ, ਬੇਗਮ ਨੇ ਵਧਾਈ ਦਿੱਤੀ ਕਿ ਆਪ ਦੀ ਇਹ ਰਾਤ ਮੈਂ ਪੂਰੇ ਬਚਾਉ ਵਿਚ ਲੰਘਾ ਦਿੱਤੀ ਹੈ ਤੇ ਅੱਗੋਂ ਨੂੰ ਹੁਣ ਐਸਾ ਬਾਨਣੂ ਬੱਝ ਗਿਆ ਹੈ ਕਿ ਆਪ ਦਾਸ਼ੀਲ ਧਰਮ ਸਦਾ ਲਈ ਬਚ ਗਿਆ, ਆਪ ਜਲ ਵਿਚ ਕੌਲ ਫੁੱਲ ਦੀ ਤਰ੍ਹਾਂ ਰਹੋਗੇ, ਕੋਈ ਤੁਹਾਡੀ ਵਾ ਵੱਲ ਮੈਲੀ ਅੱਖ ਨਹੀਂ ਕਰ ਸਕੇਗਾ।

ਸ਼ੀਲਾ-ਭੈਣ ਜੀ! ਮੈਂ ਆਪ ਦੀਆਂ ਦੇਣੀਆਂ ਕਿੱਥੋਂ ਦੇ ਸਕਦੀ ਹਾਂ? ਆਪ ਤਾਂ ਕੋਈ ਮੈਨੂੰ ਮਾਂ ਮਿਲ ਪਏ ਹੋ। ਸ਼ੁਕਰ ਹੈ ਕਲਗੀਧਰ ਜੀ ਦਾ, ਜਿਨ੍ਹਾਂ ਤੁਹਾਡੇ ਹਿਰਦੇ ਵਿਚ ਮਿਹਰ ਪਾਈ, ਪਰ ਭੈਣ ਜੀ! ਮੈਨੂੰ ਦੱਸੋ ਤਾਂ ਸਹੀ ਕਿ ਤੁਸਾਂ ਕੀਕੂੰ ਮੇਰੀ ਰਾਖੀ ਕੀਤੀ?

ਬੇਗਮ—ਇਹ ਗੱਲ ਦੱਸਣ ਦੀ ਨਹੀਂ।

ਸ਼ੀਲਾ-ਮੈਂ ਹਠ ਨਹੀਂ ਕਰਦੀ, ਪਰ ਜੇ ਹਰਜ ਨਹੀਂ ਤਾਂ ਚਾ ਦੱਸੋ।

ਬੇਗਮ—ਭੈਣ! ਤੇਰਾ ਮੇਰਾ ਹੁਣ ਇਕ ਭੇਤ ਹੈ,ਤੈਥੋਂ ਕੀ ਲੁਕਾਉ ਕਰਾਂ ਮੇਰੇ ਪਤੀ ਦੇ ਭਾਣੇ ਤਾਂ ਉਹ ਤੁਹਾਨੂੰ ਰਾਣੀ ਬਣਾ ਬੈਠਾ ਹੈ, ਪਰ ਮੈਂ ਉਸ ਨਾਲ ਹੱਥ ਖੇਡਿਆ ਹੈ। ਆਪ ਦੇ ਕਪੜੇ ਪਹਿਨ ਗਮਰੁੱਠ ਬਣਕੇ, ਆਪ ਵਾਂਙੂ ਗੱਲਾਂ ਕਰਕੇ ਫਿਰ ਹਨੇਰੇ ਦੀ ਮੱਦਦ ਨਾਲ ਇਹ ਧੋਖਾ ਬਨਾਇਆ ਕਿ ਹੋਵਾਂ ਮੈਂ ਤੇ ਉਹ ਸਮਝੇ ਤੁਸੀਂ ਹੋ, ਸੋ ਪਤੀ ਨਸ਼ੇ ਵਿਚ ਮੈਨੂੰ ਨਹੀਂ ਪਛਾਣ ਸਕਿਆ। ਉਮੈਦ ਹੈ ਇਸ ਨਸ਼ੇ ਤੇ ਹਨੇਰੇ ਦੀ ਤੁਫੈਲ ਕੁਛ ਚਿਰ ਤਾਂ ਨਿਭ ਜਾਏਗੀ ਫੇਰ ਹੋਰ ਤਜਵੀਜ਼ ਸੋਚ ਰਹੀ ਹਾਂ, ਹਨੇਰਾ ਸਾਰੇ ਸੰਸਾਰ ਦਾ ਪਰਦੇ ਢੱਕ ਹੈ, ਜੋ ਲੋਕਾਂ ਦੇ ਕਰਮਾਂ ਤੇ ਪਰਦੇ ਪਾ ਕੇ ਭਲੇ ਬੁਰੇ ਨੂੰ ਇਕ ਸਮਾਨ ਕਰਨੇ ਵਾਲਾ ਹੈ। ਹਾਂ ਹਨੇਰਾ ਸਹੁਨਸ਼ੀਲਤਾ ਦਾ ਘਰ, ਮਹਿੰ ਵਰਗੇ ਜਿਗਰੇ ਵਾਲਾ ਹੈ। ਕੋਈ ਉਸ ਵਿਚ ਖ਼ੂਨ ਕਰੇ, ਡਾਕੇ ਮਾਰੇ, ਚੋਰੀ ਕਰੇ, ਕੋਈ ਭਜਨ ਕਰੋ, ਸਮਾਧੀ ਲਾਵੇ, ਕਿਸੇ ਨੂੰ ਨਿੰਦਦਾ

-੧੦੬-