ਪੰਨਾ:ਬਾਦਸ਼ਾਹੀਆਂ.pdf/96

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਰ ਜਾਵਣ ਨੂੰ ਦਿਲ ਕਰਦਾ ਹੈ
ਕੰਮ ਕਰਦਾ, ਜੁੱਸਾ ਥੱਕ ਗਿਆ, ਢੋ ਭਾਰ ਟੁਟ ਹੈ ਲੱਕ ਗਿਆ
ਸਿਰ ਸੋਚਾਂ ਕਰਦਾ ਅੱਕ ਗਿਆ, ਮਨ ਦੁਖ-ਫੋੜਾ ਬਣ ਪੱਕ ਗਿਆ।
ਪਰ ਤ੍ਰਿਸ਼ਨਾ-ਪੇਟ ਨ ਭਰਦਾ ਹੈ
ਮਰ ਜਾਵਣ ਨੂੰ ਦਿਲ ਕਰਦਾ ਹੈ
ਦਮ ਦਮ ਇਕ ਚੱਕੀ ਚਲਦੀ ਹੈ, ਦਾਣੇ ਸਮ ਸਭ ਨੂੰ ਦਲਦੀ ਹੈ
ਜਗ-ਰੇਤ ਅਜੇਹੀ ਛਲਦੀ ਹੈ, ਨਿਤ ਮ੍ਰਿਗ ਸਮ ਹਸਰਤ ਜਲਦੀ ਹੈ
ਮਨ ਸ਼ਾਂਤ ਨ ਹੁੰਦਾ ਠਰਦਾ ਹੈ
ਮਰ ਜਾਵਣ ਨੂੰ ਦਿਲ ਕਰਦਾ ਹੈ
ਹਨ ਸਾਕ ਬੋਟੀਆਂ ਤੋੜਨ ਨੂੰ, ਟੱਬਰ ਹੈ ਖੂਨ ਨਿਚੋੜਨ ਨੂੰ
ਸਭ ਮਿੱਤਰ-ਵੀਰ ਝੰਜੋੜਨ ਨੂੰ, ਦੁਸ਼ਮਨ ਤਤਪਰ ਸਿਰ ਫੋੜਨ ਨੂੰ
ਸਭ ਤਈਂ ਭੋਖੜਾ ਜ਼ਰ ਦਾ ਹੈ
ਮਰ ਜਾਵਣ ਨੂੰ ਦਿਲ ਕਰਦਾ ਹੈ
ਇਹ ਦੁਨੀਆ ਹੈ ਮੂੰਹ-ਟਡੂਆਂ ਦੀ, ਪੰਸੇਰੀ ਹੈ ਇਹ ਡਡੂਆਂ ਦੀ
ਹੈ ਭਰੀ ਬੂਰ ਦੇ ਲਡੂਆਂ ਦੀ, ਉਚ ਪਦਵੀ ਹੈ ਜਗ-ਡਡੂਆਂ ਦੀ
ਹੁਣ ਸ਼ੌਕ ਸੁਰਗ ਦੇ ਘਰ ਦਾ ਹੈ
ਮਰ ਜਾਵਣ ਨੂੰ ਦਿਲ ਕਰਦਾ ਹੈ
ਮੈਂ ਹੱਸ ਕੇ ਕਿਹਾ 'ਨਾ ਗਿਆਨ ਸੁਣਾ, ਮੰਨ ਲਓ ਜਗਤ ਨੂੰ ਛੱਡ ਗਿਆ
‘ਜੇ ਮਰ ਕੇ ਭੀ ਨਾ ਸੁਖ ਮਿਲਿਆ, ਤਾਂ ਓਥੇ ਕਿਸ ਥਾਂ ਜਾਵੇਂਗਾ ?
'ਜੇ ਫਿਰ ਭੀ ਮਰਨਾ ਭਾਂਦਾ ਹੈ
'ਤਾਂ ਮਰ ਜਾ, ਕੌਣ ਹਟਾਂਦਾ ਹੈ'

ਜੀਭ ਦਾ ਰਸ

ਗੰਗਾ ਗਿਆ ਇਕ ਪੰਜਾਬੀ, ਰਜ ਰਜ ਟੁਭੇ ਲਾਏ
ਨ੍ਹਾ ਕੇ ਭੁਖ ਚਮਕ ਪਈ ਚੌਣੀ ਚੂਹੇ ਢਿਡ ਨਚਾਏ
ਪੂੜੀ ਖਾਣੀ ਬੁਰੀ ਸਮਝ ਕੇ, ਕਚੀ ਖਿਚੜੀ ਲੀਤੀ
ਇਕ ਮਾਈ ਦੇ ਘਰ ਜਾ, ਰਿੰਨ੍ਹਣ ਲਈ ਬੇਨਤੀ ਕੀਤੀ

-੬੮-