ਪੰਨਾ:ਬਾਦਸ਼ਾਹੀਆਂ.pdf/71

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੇ ਮੇਰੀ ਨਿੰਦਾ ਕੋਈ ਕਰੇ, ਚੁਪ ਕੀਤਾ ਹੱਸ ਕੇ ਸਹਿੰਦਾ ਹਾਂ,
ਪਰ ਗ਼ਜ਼ਬ, ਮੇਰੀ ਦਿਲ-ਰਖਣੀ ਦੀ, ਕੋਈ ਕਦਰ ਜ਼ਰਾ ਨ ਪਾਂਦਾ ਹੈ!
ਮੈਨੂੰ ਹਰ ਕੋਈ ਧੌਂਸ ਦਿਖਾਂਦਾ ਹੈ!
ਵਡਿਆਂ ਦੀ ਘੂਰੀ ਝਲਦਾ ਹਾਂ, ਕਿਉਂ ? ਮਾਨ-ਅਦਬ ਹੈ ਫ਼ਰਜ਼ ਮਿਰਾ,
ਨਿਕਆਂ ਦੇ ਰੋਸੇ ਸਹਿੰਦਾ ਹਾਂ, ਕਿਉਂ? ਦਿਲ ਜਾਂਦਾ ਹੈ ਲਰਜ਼ ਮਿਰਾ,
ਨਾਰੀ ਦੇ ਨਾਜ਼ ਉਠਾਂਦਾ ਹਾਂ, ਕਿਉਂ? ਅਬਲਾ ਹੈ ਤੇ ਪਿਆਰੀ ਹੈ,
ਯਾਰਾਂ ਦੀ ਭੁੱਲ ਨਾ ਚਿੱਤ ਧਰਾਂ, ਕਿਉਂ? ਇਉਂ ਹੀ ਨਿਭਦੀ ਯਾਰੀ ਹੈ,
ਪਰ ਸ਼ੋਕ! ਏਸ ਦਾ ਮਤਲਬ ਹੀ, ਕੁਝ ਹੋਰ ਸਮਝਿਆ ਜਾਂਦਾ ਹੈ!
ਮੈਨੂੰ ਹਰ ਕੋਈ ਧੌਂਸ ਦਿਖਾਂਦਾ ਹੈ!
ਕੀ ਟੰਗ ਜਿੰਨਾ ਹੈ ਪੁੱਤ ਮਿਰਾ, ਓਹ ਭੀ ਨਾ ਮੈਥੋਂ ਡਰਦਾ ਹੈ,
ਸੌ ਗੱਲ ਮੰਨ ਕੇ ਇਕ ਨਾ ਮੰਨਾ, ਫ਼ੌਰਨ, ਮੂੰਹ ਗੁੱਸੇ ਕਰਦਾ ਹੈ,
ਕਹਿੰਦਾ ਹੈ ‘ਕਦੀ ਨ ਬੋਲਾਂਗਾ, ਨੈਣਾਂ ਵਿਚ ਜਲ ਭਰ ਲੈਂਦਾ ਹੈ,
ਇਸ ਧੌਂਸੋਂ ਡਰ ਕੇ ਮੈਨੂੰ ਝਟ, ਜੋ ਕਹੇ ਸੋ ਕਰਨਾਂ ਪੈਂਦਾ ਹੈ,
ਆਹ ! ਪ੍ਰੇਮ, ਨਿੰਮ੍ਰਤਾ, ਸ਼ਾਂਤੀ, ਮੋਹ, ਇਖ਼ਲਾਕ, ਹਮੇਸ਼ ਝੁਕਾਂਦਾ ਹੈ!
ਮੈਨੂੰ ਹਰ ਕੋਈ ਧੌਂਸ ਦਿਖਾਂਦਾ ਹੈ!
ਜੇ ਮੈਂ ਭੀ 'ਹਊ ਹਊ' ਸਿਖ ਲਵਾਂ, ਤਾਂ ਬੇਸ਼ਕ ਮੈਥੋਂ ਡਰਨ ਸਭੀ,
ਮੇਰੀ ਦਿਲ-ਰਖਣੀ ਖੁਸ਼ੀ ਲਈ, ਸੌ ਖੜੀ-ਖੁਸ਼ਾਮਦ ਕਰਨ ਸਭੀ,
ਪਰ ਲੋੜ ਭਲਾ ਹੈ ਸਾਨੂੰ ਕੀ? ਅਪਨਾ ਇਖ਼ਲਾਕ ਗਵਾ ਲਈਏ?
ਦੁਨੀਆ ਹੈ ਮੂਰਖ, ਬਣੀ ਰਹੇ, ਕਿਉਂ ਅਸੀਂ ਗਿਆਨ ਵੰਞਾ ਲਈਏ?
ਜੋ ‘ਹੁੰਦੇ ਮਾਣ ਨਿਮਾਣਾ' ਹੈ, ਓਹ 'ਸੁਥਰਾ' ਲੁਤਫ਼ ਉਠਾਂਦਾ ਹੈ!
ਮੈਨੂੰ ਹਰ ਕੋਈ ਧੌਂਸ ਦਿਖਾਂਦਾ ਹੈ?

ਓ ਯਾਰਾ ਦੌੜ ਦੌੜ ਦੌੜ

ਜਗ ਵਿਚ ਲਗਾਤਾਰ ਹੈ ਜਾਰੀ, ਹਰ ਥਾਂ ਜ਼ੋਰ ਸ਼ੋਰ ਦੀ ਦੌੜ
ਬਹੁਤਾ ਦੌੜੇ ਬਣੇ ਸੁ ਮੀਰੀ, ਸੁਸਤੀ ਕਰੇ ਤਾਂ ਝੁੱਗਾ ਚੌੜ
ਸਾਰੀ ਕਾਇਨਾਤ ਨੂੰ ਰਬ ਨੇ, ਲਾਏ ਦੌੜਨ ਵਾਲੇ ਪੌੜ
ਹਰਦਮ ਦੌੜ ਕਰਾਵਣ ਖ਼ਾਤਰ, ਏ ਹੈ ਰਚੀ ਜਗਤ ਦੀ ਰੌੜ

-੪੩-