ਪੰਨਾ:ਬਾਦਸ਼ਾਹੀਆਂ.pdf/56

ਇਹ ਸਫ਼ਾ ਪ੍ਰਮਾਣਿਤ ਹੈ

'ਯਾਨੀ ਸੋਚਾਂ ਤੇ ਗ਼ਮ ਖਾ ਕੇ ਅਕਲ ਤੇਜ਼ ਹੋ ਜਾਂਦੀ !
ਫਿਰ ਪੁੱਛਿਆ ਅਕਬਰ ਨੇ 'ਬੁੱਧੀ, ਕੀ ਕੁਝ ਪੀ ਕੇ ਜੀਂਦੀ ?'
'ਯਾਨੀ ਗ਼ਮ ਦੀ ਖਾ ਕੇ ਰੋਟੀ ਜਲ ਦੀ ਥਾਂ ਕੀ ਪੀਂਦੀ ?
ਹੋਰ ਕਿਸੇ ਨੂੰ ਜਵਾਬ ਨਾ ਆਯਾ, ਕਿਹਾ ਉਸੇ ਗ਼ਮ ਖਾ ਕੇ:-
'ਗੁੱਸਾ ਹੈ ਨਿਤ ਪੀਂਦੀ ਬੁੱਧੀ ਗ਼ਮ ਦੇ ਨਾਲ ਰਲਾ ਕੇ !
'ਜਿਸ ਮਨੁੱਖ ਦੀ ਬੁੱਧ ਸਦਾ ਗ਼ਮ ਖਾਵੇ, ਗੁੱਸਾ ਪੀਵੇ !
'ਓਹੋ ਬਣੇ ਬੜਾ ਅਕਲੱਯਾ ਸਖੀ ਸ਼ਾਂਤ ਰਹਿ ਜੀਵੇ !
'ਜੋ ਮੂਰਖ ਗ਼ਮ-ਗੁੱਸਾ ਬੁੱਧੀ ਨੂੰ ਨਾ ਖੁਆਂਦੇ ਪਿਆਂਦੇ !
'ਨਿਤ ਬੇ-ਇੱਜ਼ਤ ਦੁਖੀਏ ਰਹਿੰਦੇ ‘ਸੁਥਰੇ ਤੋਂ ਠੁਡ ਖਾਂਦੇ !'

ਇਸ਼ਕ ਤੇ ਇਨਸਾਫ਼

ਸੈਰ ਕਰਨ ਨੂੰ ਨੂਰ ਜਹਾਂ ਨੇ ਕਦਮ , ਬਾਗ਼ ਵਿਚ ਪਾਏ
ਰੋਅਬ ਅਦਬ ਸੰਗ ਬੂਟੇ ਸਹਿਮੇ, ਸਰੂਆਂ ਸੀਸ ਝੁਕਾਏ
ਹੁਸਨ-ਹਕੂਮਤ ਦੀ ਮਸਤੀ ਸੀ, ਨੂਰ ਜਹਾਂ ਤੇ ਛਾਈ
ਲੋੜ੍ਹ ਜਵਾਨੀ ਹੜ੍ਹ ਜੋਬਨ ਦਾ ਕਾਂਗ ਸ਼ਾਨ ਦੀ ਆਈ
ਇਕ ਮਾਲੀ ਤੜਕੇ ਤੋਂ ਮੇਹਨਤ ਕਰਦਾ ਕਰਦਾ ਧੌਂ ਕੇ
ਲਾਹ ਰਿਹਾ ਸੀ ਜ਼ਰਾ ਥਕਾਵਟ, ਠੰਢੀ ਛਾਵੇਂ ਸੌਂ ਕੇ
ਗ਼ਜ਼ਬ ਚੜ੍ਹ ਗਿਆ ਨੂਰ ਜਹਾਂ ਨੂੰ, ਦੇਖ ਓਸ ਨੂੰ ਸੁੱਤਾ
'ਹੈਂ? ਏਹ ਅਦਬ ਲਈ ਨਹੀਂ ਉਠਿਆ ਮੇਰੇ ਦਰ ਦਾ ਕੁੱਤਾ'
ਹੁਕਮ ਸਿਪਾਹੀ ਨੂੰ ਦੇ ਫੌਰਨ ਠਾਹ ਗੋਲੀ ਮਰਵਾਈ
ਅਪਨੀ ਜਾਚੇ ਨਿਮਕ ਹਰਾਮੀ ਦੀ ਚਾ ਸਜ਼ਾ ਦਿਵਾਈ
ਉਸ ਮਾਲੀ ਦੀ ਵਿਧਵਾ ਮਾਲਣ ਵਾਲ ਸੀਸ ਦੇ ਪੁਟਦੀ
ਜਾ ਕੂਕੀ ਦਰਬਾਰ ਸ਼ਾਹੀ ਵਿਚ, ਪਿਟਦੀ ਛਾਤੀ ਕੁਟਦੀ
ਜਹਾਂਗੀਰ ਸਭ ਵਿਥਿਆ ਸੁਣਕੇ ਦੁਖੀ ਹੋਇਆ ਘਬਰਾਇਆ
ਰਿਦੇ ਜੋਸ਼ ਇਨਸਾਫ਼ ਭੜਕਿਆ, ਖ਼ੂਨ ਨੇਤਰੀਂ ਆਇਆ
ਪਰ ਫ਼ੌਰਨ ਹੀ ਇਸ਼ਕ ਹੁਰਾਂ ਇਕ ਤਰਫ਼ੋਂ ਸਿਰੀ ਦਿਖਾਈ
'ਹਾਇ ! ਪਿਆਰੀ ਨੂਰ ਜਹਾਂ ਤੇ ਕਰਾਂ ਕਿਵੇਂ ਕਰੜਾਈ ?'

-੨੮-