ਪੰਨਾ:ਬਾਦਸ਼ਾਹੀਆਂ.pdf/55

ਇਹ ਸਫ਼ਾ ਪ੍ਰਮਾਣਿਤ ਹੈ

ਕਹਿਣ ਲਗਾ 'ਕਿਆ ਹਾਸਲ ਕੀਆ ਤੁਮ ਨੇ ਮੁਰਖ ਭਾਈ ?
ਹਮ ਨੇ ਭਜਨ ਨਿਰੰਤਰ ਕਰ ਕੇ ਅਪਨੀ ਸ਼ਕਤਿ ਬੜ੍ਹਾਈ'
ਗ੍ਰਹਸਤੀ ਨੇ ਹਸ ਕੇ ਇਕ ਸੋਟੀ, ਕੁਝ ਗਜ਼ ਪਰੇ ਸੁਟਾ ਕੇ
ਕਿਹਾ 'ਦਿਖਾ ਤੂੰ ਇਸ ਸੋਟੀ ਨੂੰ ਆਪਣੇ ਪਾਸ ਬੁਲਾ ਕੇ !'
ਸਾਧ ਵਿਚਾਰਾ ਡੌਰਾ ਭੌਰਾ ਹੋਇਆ ਤੇ ਚਕਰਾਇਆ
ਕਹਿਣ ਲਗਾ 'ਯਿਹ ਬਲ ਮੇਰੇ ਮੇਂ ਅਭੀ ਨਹੀਂ ਹੈ ਆਇਆ!'
ਗ੍ਰਹਸਤੀ ਨੇ ਮੁਸਕਾਇ ਆਖਿਆ, 'ਹੁਣ ਮੈਂ ਸ਼ਕਤਿ ਦਿਖਾਵਾਂ ?'
'ਏਥੇ ਬੈਠਾ ਬੈਠਾ ਛਿਨ ਵਿਚ, ਸੋਟੀ ਉਰੇ ਬੁਲਾਵਾਂ ?'
ਏਹ ਕਹਿ ਅਪਨੇ ਇਕ ਪੁੱਤਰ ਨੂੰ ਕੀਤਾ ਤੁਰਤ ਇਸ਼ਾਰਾ
ਛਿਨ ਵਿਚ ਸੋਟੀ ਚੁਕ ਲਿਆਇਆ, ਸਾਧੂ ਖਿਝਿਆ ਭਾਰਾ
ਗ੍ਰਹਸਤੀ ਨੇ ਫਿਰ ਕਿਹਾ ਭਰਾਵਾ ! ਤੈਂ ਕੀ ਹਾਸਲ ਕੀਤਾ ?
'ਅਫ਼ਲ ਪਖੰਡ ਉਮਰ ਭਰ ਕਰ ਕੇ, ਖ਼ੂਨ ਜਗਤ ਦਾ ਪੀਤਾ
ਤੈਨੂੰ ਕੁਝ ਨਾ ਹਾਸਲ ਹੋਇਆ, ਮੈਨੂੰ ਮਿਲ ਗਏ ਬੱਚੇ
ਰੱਬ ਉਨ੍ਹਾਂ ਨੂੰ ਮਿਲੂ, ਜਿਨ੍ਹਾਂ ਦੇ ਜੀਵਨ 'ਸੁਥਰੇ' ਸੱਚੇ

ਅਕਲ ਦੀਆਂ ਖੁਰਾਕਾਂ

ਅਕਬਰ ਨੂੰ ਦਰਬਾਰ ਭਰੇ ਵਿਚ ਸੁੱਝਾ ਪ੍ਰਸ਼ਨ ਸਿਆਣਾ !
'ਕੋਈ ਦੱਸੇ 'ਅਕਲ' ਹੂਰ ਦਾ ਕੀ ਹੈ ਖਾਣਾ-ਦਾਣਾ ?
'ਯਾਨੀ ਕੀ ਕੁਝ ਖਾ ਕੇ ਬੁੱਧੀ ਤਕੜੀ ਉੱਚੀ ਹੋਵੇ !
'ਕਿਸ ਖ਼ੁਰਾਕ ਨੂੰ ਖਾਈਏ, ਜੇਹੜੀ ਮੈਲ ਮਗਜ਼ ਦੀ ਧੋਵੇ ?'
ਭਾਂਤੋ ਭਾਂਤੀ ਇਸ ਸਵਾਲ ਦੇ ਸਭ ਨੇ ਉਤਰ ਸੁਣਾਏ !
ਸ੍ਵਾਦਾਂ ਭਰੇ 'ਅਕਲ' ਦੇ ਖਾਣੇ ਗਿਣ ਗਿਣ ਕਈ ਬਤਾਏ !
ਕਿਸੇ ਕਿਹਾ, ਦੁਧ, ਮੱਖਣ, ਘੀ, ਫਲ ਖਾਇ ਅਕਲ ਹੈ ਬੜ੍ਹਦੀ !
ਕਿਸੇ ਕਿਹਾ ਖਾ ‘ਬ੍ਰਹਮੀ ਬੂਟੀ' ਅਕਲ ਉਚੇਰੀ ਚੜ੍ਹਦੀ !
ਵਰੁਚ, ਬਦਾਮ, ਮਜੂਨਾਂ, ਯਖ਼ਨੀ, ਗਰਮਾਈਆਂ, ਸਰਦਾਈਆਂ !
ਜਿੰਨੇ ਮੂੰਹ ਸਨ ਉਨੀਆਂ ਦਸੀਆਂ ਅਕਲ-ਵਧਾਊ ਦਵਾਈਆਂ !
ਛੇਕੜ ਕਿਹਾ ਬੀਰਬਲ 'ਬੁੱਧੀ, ਕੇਵਲ ਗਮ ਹੈ ਖਾਂਦੀ !

-੨੭-