ਪੰਨਾ:ਬਾਦਸ਼ਾਹੀਆਂ.pdf/50

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਉਤਰ ਅਛੂਤਾ ਇਸ ਕੂਏਂ ਤੋਂ, ਮੂੰਹੋਂ ਮਾਰੀ ਚਾਂਗ!
ਦਿੱਤਾ ਕੜਕ ਉਸ ਨੇ ਉੱਤਰ 'ਖਬਰਦਾਰ, ਮੂੰਹ ਰੋਕ!
'ਨਿਕਲ ਜਾਣਗੇ ਦੰਦ, ਜੇ ਮੈਂ ਇਕ ਥਪੜ ਦਿਤਾ ਠੋਕ!
'ਖੰਨਾ-ਖਤਰੀ ਮੈਂ ਲਾਹੌਰੀਆ, ਤੂੰ ਕਿਉਂ ਕਿਹਾ ਅਛੂਤ ?
'ਹੱਥ ਜੋੜ ਕੇਂ ਮੰਗ ਮੁਆਫ਼ੀ ਵਰਨਾ ਫੇਰੂੰ ਜੂਤ'!
ਤਿਲਕਧਾਰੀਏ ਨੇ ਹਥ ਜੋੜੇ: 'ਲਾਲਾ ਜੀ ਰਾਮ ਰਾਮ!
'ਖਿਮਾਂ ਕਰੋ ਮੈਂ ਪ੍ਰੋਹਤ ਤੁਹਾਡਾ, ਹਾਂ ਗੁਲਾਮ ਬਿਨ ਦਾਮ!
'ਕ੍ਰਿਸ਼ਨ ਰੰਗ ਮੈਂ ਦੇਖ ਆਪ ਦਾ, ਕੀਤਾ ਸੀ ਸੰਦੇਹ!
ਅਜ ਕਲ ਫਿਰਨ ਅਛੂਤ ਆਕੜੇ ਭੁਲ ਦਾ ਕਾਰਨ ਏਹ'!
ਲਾਲਾ ਜੀ ਨੂੰ ਗਿਆਨ ਹੋ ਗਿਆ-'ਸੁਣ ਪੰਡਤ ਨਾਦਾਨ!
'ਊਚ-ਨੀਚ ਦੀ ਤਦ ਤਾਂ ਪੱਕੀ ਹੋਈ ਨ ਕੋ ਪਹਿਚਾਨ?
'ਜੇ ਮੈਂ ਨੀਵੀਂ ਜਾਤੋਂ ਹੁੰਦਾ, ਫ਼ਰਕ ਤਦੋਂ ਸੀ ਕੀਹ?
'ਭਰਮ ਫਸੇ ਹੀ ਤੁਸਾਂ, ਠੋਕ ਸਨ ਦੇਣੇ ਡੰਡੇ ਵੀਹ!
'ਓਹੋ ਮੈਂ ਹਾਂ, ਓਹੋ ਡੋਲ ਹੈ, ਓਹੋ ਲੱਜ, ਓਹ ਖੂਹ!
'ਜੇ ਮੈਂ ਹੁੰਦਾ ਨੀਵੀਂ ਜਾਤੋਂ, ਤੂੰ ਲੈਣਾ ਸੀ ਧੂਹ!
'ਲਖ ਲਾਨ੍ਹਤ ਇਸ ਮੂਰਖਤਾ ਤੇ, ਫੜ ਬੇ-ਮਤਲ਼ਬ ਖਿਆਲ!
'ਅਪਨੇ ਕ੍ਰੋੜਾਂ ਵੀਰਾਂ ਉੱਤੇ, ਜ਼ੁਲਮ ਕਰੋ ਬਲ ਨਾਲ!
'ਉਸੇ ਪੌਣ ਵਿਚ ਸਾਹ ਉਹ ਲੈਂਦੇ ਉਸੇ ਨਦੀ ਵਿਚ ਨ੍ਹਾਣ!
'ਜੇ ਉਹ ਭਿਟੀਆਂ ਜਾਵਣ ਨਹੀਂ, ਖੂਹ ਕਿਉਂ ਭਿੱਟੇ ਜਾਣ!
'ਰੱਬ ਦਾ ਜਲ ਤੇ ਰੱਬ ਦੀ ਧਰਤੀ, ਤੁਸੀਂ ਕੌਂਣ ਜਮਦੂਤ ?
'ਬੰਦੇ ਉਦ੍ਹੇ ਤਿਹਾਏ ਮਾਰੋ, ਕਹਿ ਕੇ ਨੀਚ-ਅਛੂਤ!
'ਕੁੱਤੇ ਚੜ੍ਹ ਕੇ ਖੂਹਾਂ ਉੱਤੇ ਗੰਦ ਖਿਲਾਰਨ ਨਿੱਤ!
'ਪਰ ਜੇ ਕਾਲਾ ਬੰਦਾ ਵੇਖੋ, ਸੜੇ ਤੁਹਾਡਾ ਚਿੱਤ!
'ਜੇ ਹੋ ਐਡੇ ਆਸ਼ਕ ਖੂਹ ਦੇ, ਖੂਹ ਹਿੱਤ ਤੜਫੇ ਰੂਹ!
'ਤਦ 'ਸੁਥਰੇ' ਦੀ ਗੱਲ ਮੰਨ ਲੋ, ਡੁੱਬ ਮਰੋ ਵਿਚ ਖੂਹ'!

-੨੨-