ਪੰਨਾ:ਬਾਦਸ਼ਾਹੀਆਂ.pdf/44

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਹਿਮ ਜਾਣ, ਜਦ ਵਾਂਗ ਪਟਾਕੇ ਛਡਦੀ ਘਰ ਦੀ ਨਾਰੀ ਜੀਭ!
ਰਬੜੋਂ ਨਰਮ, ਫੁਲਾਂ ਤੋਂ ਹੌਲੀ, ਨਾ ਹੱਡੀ ਨਾ ਪਸਲੀ ਮੂਲ,
ਫਿਰ ਭੀ ਬਣ ਜਾਇ ਤੇਜ਼ ਤੀਰ ਤੋਂ ਤੇ ਪਰਬਤ ਤੋਂ ਭਾਰੀ ਜੀਭ!
ਜੀਭ ਚੜ੍ਹਾਏ ਹਾਥੀ ਉਤੇ, ਜੀਭ ਲਤਾੜੇ ਹਾਥੀ ਪੈਰ,
ਜੀਭ ਸ਼ੱਤਰੂ ਮਿਤ੍ਰ ਬਣਾਵੇ, ਤੋੜੇ ਰਿਸ਼ਤੇਦਾਰੀ ਜੀਭ!
ਵਾਂਗ ਮਸ਼ੂਕਾਂ, ਵਿਚ ਚੁਬਾਰੇ, ਨੱਚੇ, ਟੱਪੇ, ਭੁੜਕੇ ਖੂਬ,
ਦੰਦਾਂ ਨੂੰ ਹੈ ਚਿਕਾਂ ਸਮਝਦੀ ਤੇ ਬੁਲ੍ਹਾਂ ਨੂੰ ਬਾਰੀ ਜੀਭ!
ਬੱਤੀ ਪਹਿਰੇਦਾਰ ਬਿਠਾਏ ਰੱਬ ਨੇ ਇਸ ਨੂੰ ਕਰਕੇ ਕੈਦ,
ਫਿਰ ਭੀ ਮਾਰ ਦੂਰ ਤਕ ਕਰਦੀ ਚੰਡੀ-ਔਗੁਣਹਾਰੀ ਜੀਭ!
ਬੋਲੇ ਦੀ ਸੀ ਵਹੁਟੀ ਸੁੰਦਰ ਕਹਿਣ ਲਗਾ 'ਹੈ ਡਾਢੀ ਮੌਜ,
ਸ਼ਕਲ ਦੇਖ ਕੇ ਰਜ ਜਾਂਦੇ ਹਾਂ, ਦੁਖ ਦੇਂਦੀ ਨਹੀਂ ਭਾਰੀ ਜੀਭ!'
ਸ਼ੇਰ-ਮੱਥਿਓਂ ਫੱਟ ਮਿਲ ਗਿਆ, ਥੋੜੇ ਦਿਨੀਂ ਕੁਹਾੜੇ ਦਾ,
ਪਰ ਨਾ ਮਿਟਿਆ ਘਾਉ ਰਿਦੇ ਦਾ ਜੋ ਸੀ ਲਾਯਾ ਕਾਰੀ, ਜੀਭ!
ਜਿਉਂ ਰਾਹ ਵਿਚੋਂ ਤਿੱਖਾ ਕੰਡਾ, ਜੜ੍ਹ ਤੋਂ ਹਨ ਸਭ ਪੁਟ ਸੁਟਦੇ,
ਦਿਲ ਕਰਦਾ ਹੈ ਬਦਜ਼ਬਾਨ ਦੀ ਖਿਚ ਸੁਟੀਏ, ਤਿਉਂ ਸਾਰੀ ਜੀਭ!
'ਸੁਥਰਾ' ਕਦੀ ਨ ਬੋਲੇ ਕੁਥਰਾ, ਜੀਭ ਲਗਾਮਾਂ ਕੱਸ ਰਖਦਾ,
ਨਰ-ਦਿਮਾਗ਼ ਦੇ ਤਾਬੇ ਰਖਦਾ ਪਤੀਬ੍ਰੱਤਾ ਸਮ ਨਾਰੀ ਜੀਭ!

ਨਿਰਬਲ ਯਾਰ ਤੇ ਬਲੀ ਯਾਰ


ਇਕ ਕੰਜਰੀ ਡਾਢੀ ਆਕੜ ਵਿਚ ਸੀ ਤੁਰਦੀ ਜਾਂਦੀ!
ਅਪਨੇ ਹੁਸਨ ਜਵਾਨੀ, ਗਹਿਣੇ, ਕਪੜੇ ਤੇ ਇਤਰਾਂਦੀ !
ਠੁਮਕ ਠੁਮਕ ਉਹ ਕਦਮ ਉਠਾਵੇ, ਬਾਹਾਂ ਤਾਂਈ ਹਿਲਾਵੇ!
ਮਾਨੋਂ ਧਰਤੋਂ ਦੋ ਗਿੱਠ ਉੱਚੀ ਵਾ ਵਿਚ ਉਡਦੀ ਜਾਵੇ!
ਡਾਢੇ ਸੋਹਣੇ ਕਪੜੇ ਉਸ ਦੇ, ਡਾਢੇ ਸੋਹਣੇ ਗਹਿਣੇ!
ਪੌਡਰ, ਪਾਨ, ਲਵਿੰਡਰ, ਸੁਰਖੀ, ਬਿੰਦੀ ਦੇ ਕਯਾ ਕਹਿਣੇ!
ਇਕ ਅਯਾਸ਼ ਓਸ ਦਾ ਮਿੱਤਰ ਨਾਲ ਨਾਲ ਸੀ ਜਾਂਦਾ!
ਵਫ਼ਾਦਾਰ ਜਿਉਂ ਕੁੱਤਾ ਮਾਲਕ ਪਿੱਛੇ ਪੂਛ ਹਿਲਾਂਦਾ!

-੧੬ -