ਪੰਨਾ:ਬਾਦਸ਼ਾਹੀਆਂ.pdf/41

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਗ ਰੀਸ 'ਸ਼ਤਾਨੀ' ਕਰਦਾ ਹੈ, ਨਾ ਸਬਕ ਓਸ ਤੋਂ ਸਿਖਦਾ ਹੈ
ਵਧ ਗ਼ਲਤ ਫ਼ਹਿਮੀਆਂ ਸਿਖਦਾ ਹੈ, ਜ੍ਯੋਂ ਜ੍ਯੋਂ ਵਧ ਪੜ੍ਹਦਾ ਲਿਖਦਾ ਹੈ
ਜੇ ਗ਼ਲਤ ਫ਼ਹਿਮੀਆਂ ਤਜ ਬੰਦਾ ਅਪਨੇ ਸਮ ਸਮਝੇ ਹੋਰਾਂ ਨੂੰ
ਸੁਖ ਮਾਨ ਦਵੇ, ਸੁਖ ਮਾਨ ਲਵੇ, ਤਜ ਜ਼ੋਰਾਂ, ਸ਼ੋਰਾਂ, ਖ਼ੋਰਾਂ ਨੂੰ
ਤਦ ਇਹੋ ਨਰਕ ਜਗ, ਸੁਰਗ ਬਣੇ, ਲੁਤਫ਼ਾਂ ਦਾ ਤੰਬੂ ਬਣ ਜਾਵੇ
ਦਿਲ ਗੰਦ ਮੰਦ ਤੋਂ ਸਾਫ਼ ਹੋਣ, ਹਰ ਬੰਦਾ 'ਸੁਥਰਾ' ਬਣ ਜਾਵੇ

ਮਿੱਠਾ ਜ਼ਹਿਰ

ਤਿੰਨ ਯਾਰ ਸਨ ਖੱਟਣ ਜਾਂਦੇ ਅੱਗੋਂ ਮਿਲਿਆ ਸਾਧੂ!
ਸਾਹ ਚੜ੍ਹਿਆ, ਹਫ਼ਿਆ ਅਤਿ ਘਰਕੇ, ਰੌਲਾ ਪਾਵੇ ਵਾਧੂ!
ਕਹਿਣ ਲੱਗਾ 'ਉਸ ਬਿਰਛ ਹੇਠ ਮੈਂ ਕੁੰਡ ਜ਼ਹਿਰ ਦਾ ਡਿੱਠਾ!
ਵਿਹੁ ਚੜ੍ਹਦੀ ਹੈ ਦੂਰੋਂ ਤਕਿਆਂ ਪਰ ਖਾਵਣ ਵਿਚ ਮਿੱਠਾ!'
ਹੋ ਅਸਚਰਜ ਉਥੇ ਜਦ ਪੁੱਜੇ, ਆਯਾ ਨਜਰ ਖਜ਼ਾਨਾ!
ਹੀਰੇ, ਮੋਤੀ, ਸੋਨਾ, ਚਾਂਦੀ, ਓਰ ਨ ਛੋਰ ਠਿਕਾਨਾ!
ਕਹਿਣ ਲੱਗੇ 'ਓ ਮੂਰਖ ਬਾਵੇ ! ਏਹ ਤਾਂ ਦੇਲਤ ਭਾਰੀ!
'ਰਾਜੇ ਭੀ ਹਨ ਭੁੱਖੇ ਜਿਸ ਦੇ, ਤਰਸਨ ਸਭ ਨਰ ਨਾਰੀ!'
ਸਾਧੂ ਡਰ ਕੇ ਪਿਛੇ ਹਟਿਆ 'ਨਾ ਬਾਬਾ ! ਵਿਸ ਭਾਰਾ!
'ਮੈਂ ਤਾਂ ਇਸ ਨੂੰ ਹਥ ਨ ਲਾਵਾਂ, ਢਕੋ ਖਾਕ ਪਾ ਸਾਰਾ!'
ਇਹ ਕਹਿ ਸਾਧੂ ਚਲਦਾ ਬਣਿਆ, ਤਿੰਨੇ ਸਜਨ ਗੁੜ੍ਹਕੇ!
ਉਛਲਣ, ਕੁੱਦਣ, ਛਾਲਾਂ ਮਾਰਨ, ਖਿੜ ਖਿੜ ਹੱਸੇ ਲੁੜ੍ਹਕੇ:-
'ਵਾਹਵਾ ਕਿਸਮਤ ਨਾਲ ਖ਼ਜ਼ਾਨਾ, ਇਤਨਾ ਬੜਾ ਥਿਆਯਾ!
ਪਿਛਲੇ ਜੁਗ ਦਾ ਪੁੰਨ ਦਾਨ ਕੋਈ ਸਾਡੇ ਅਗੇ ਆਯਾ!'
ਇਕ ਨੂੰ ਰੋਟੀ ਲੈਣ ਭੇਜਿਆ, ਬੈਠ ਰਹੇ ਦੋ ਰਾਖੀ!
ਸੋਚ ਸੋਚ ਕੇ ਇਕ ਯਾਰ ਨੇ ਦੂਜੇ ਨੂੰ ਗਲ ਆਖੀ:-
'ਕ੍ਯੋਂ ਨਾ ਦੋਵੇਂ ਤੀਜੇ ਤਾਈਂ ਕਤਲ ਇਥੇ ਹੀ ਕਰੀਏ ?'
ਦੂਜੇ ਕਿਹਾ 'ਠੀਕ ਹੈ ਅੱਧੋ ਅੱਧ ਘਰੀਂ ਜਾ ਧਰੀਏ!'
ਉਧਰ ਤੀਜੇ ਨੇ ਮਨ ਵਿਚ ਮਿਥ ਕੇ, ਖਾਣੇ ਜ਼ਹਿਰ ਮਿਲਾਯਾ!

-੧੩-