ਪੰਨਾ:ਬਾਦਸ਼ਾਹੀਆਂ.pdf/126

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

‘ਸ਼ਾਹਣੀ ਜੀ, ਕੁਤਵਾਲੀਓਂ ਤੜਕੇ ਟੈਲੀਫ਼ੋਨ ਸੀ ਆਯਾ
'ਬਾਬੂ ਦਾ ਨਾ ਫ਼ਿਕਰ ਕਰੋ ਕੁਝ, ਉਸ ਦੀਆਂ ਸੱਤੇ ਖੈਰਾਂ
'ਬਦੋਬਦੀ ਮੈਹਮਾਨ ਬਣਾਯਾ ਉਸ ਨੂੰ ਪੁੱਤਰਾਂ ਗ਼ੈਰਾਂ
'ਯਾਨੀ ਜ਼ਯਾਫ਼ਤ ਤੋਂ ਜਦ ਰਾਤੀਂ ਘਰ ਨੂੰ ਸਨ ਪਏ ਆਂਦੇ,
'ਪੈਰ ਉਨ੍ਹਾਂ ਦੇ ਮੌਜ 'ਚ ਆ ਕੇ, ਧਰ ਸਨ ਪਏ ਮਣਾਂਦੇ
'ਯਾਰ ਦੋਸਤਾਂ ਦੇ ਲਗ ਆਖੇ, ਵ੍ਹਿਸਕੀ-ਪੈੱਗ ਚੜ੍ਹਾਏ
ਜਿਨ੍ਹਾਂ ਸਿਆਣੇ ਬਾਬੂ ਹੋਰੀ ਪਾਗਲ ਚੁਕ ਬਣਾਏ
'ਪਹਿਲਾ ਮਜ਼ਾ ਜ਼ਯਾਫ਼ਤ ਦਾ ਬਾਬੂ ਨੂੰ ਏ ਹਥ ਆਯਾ
'ਪੁਲਸ ਵਾਲਿਆਂ ਹਵਾਲਾਤ ਵਿਚ ਭੁੰਜੇ ਸੁਟ ਸੁਆਯਾ
'ਪੇਸ਼ ਅਦਾਲਤ ਵਿਚ ਅਜ ਹੋਕੇ ਨਕਦ ਨਿਓਂਦਾ ਭਰ ਕੇ,
'ਲੌਢੇ ਵਲ ਘਰ ਆ ਜਾਸਣ, ਕਿਉਂ ਰੋਵੋ ਗ਼ਮ ਕਰਕੇ?
ਛਾਤੀ ਪਿਟ ਕੇ ਸ਼ਾਂਹਣੀ ਬੋਲੀ 'ਜ਼ਯਾਫ਼ਤ ਨੂੰ ਅੱਗ ਲਾਸਾਂ
'ਕਵਲ 'ਸੁਥਰੇ' ਦਾ ਬਾਬੂ ਨੂੰ ਹੁਣ ਤੇ ਯਾਰ ਬਣਾਸਾਂ।'

ਸ਼ਿਮਲੇ ਦੀ ਇਕ ਰਾਤ

ਰਾਤਾਂ ਤਾਂ ਬੜੀਆਂ ਡਿਠੀਆਂ ਨੇ, ਪਰ ਓਹ ਰਾਤ ਨ ਭੁਲਦੀ ਹੈ
ਜਿਉਂ ਤਪਦੇ ਮੂੰਹ ਕੁਨੀਨ ਘੁਲੇ, ਤਿਸ ਯਾਦ ਰਿਦੇ ਵਿਚ ਘੁਲਦੀ ਹੈ
ਸਰਦੀ ਸੀ ਐਸੀ ਆਖ਼ਰ ਦੀ, ਪੱਥਰ ਭੀ ਸੀ ਸੀ ਕਰਦੇ ਸਨ
ਸਿਰ ਬ੍ਰਿਛਾਂ ਗੋਡਿਆਂ ਵਿਚ ਦਿਤੇ, ਗਰਮੀ ਹਿਤ ਹਉਕੇ ਭਰਦੇ ਸਨ
ਠੰਢ ਨਾਲ ਟਾਕਰੇ ਕਰ ਕਰ ਕੇ, ਦਯਾਰਾਂ ਦੀ ਤਾਕਤ ਝੌਂ ਗਈ ਸੀ
ਬਿੱਛੂ ਸਮ ਲੜਦੀ ਜੋ 'ਬੂਟੀ' ਓਹ ਸੁਸਰੀ ਵਾਂਗੂੰ ਸੌਂ ਗਈ ਸੀ
ਡਰ, ਚੰਦ ਤਾਰਿਆਂ, ਪਾਲੇ ਤੋਂ, ਬਦਲਾਂ ਦੀ ਲਈ ਰਜਾਈ ਸੀ
ਲਟੂਆਂ ਵਿਚ ਬਿਜਲੀ ਲੁਕੀ ਛਿਪੀ, ਸੁੰਗੜੀ, ਸਹਿਮੀ, ਮੁਰਝਾਈ ਸੀ
ਜੋ ਪੌਣ, ਜੀਵ ਦਾ ਜੀਵਨ ਹੈ ਓਹ ਫਿਫੜੇ ਛੁਰੀ ਚਲਾਂਦੀ ਸੀ
ਕੁਈ ਸਾਹਿਬ ਬਰਾਂਡੀ ਘੁਟ ਭਰੇ ਤਾਂ ਗਲ ਵਿਚ ਜੰਮਦੀ ਜਾਂਦੀ ਸੀ
ਬੰਦਿਆਂ ਦੀ ਗੱਲ ਤਾਂ ਇਕ ਪਾਸੇ, ਪਿੱਸੂ ਭੀ ਵਾਣ੍ਹੀਂ ਲੁਕ ਗੈ ਸਨ
ਜੰਗਲਾਂ ਵਿਚ ਹਰਨਾਂ ਸ਼ੇਰਾਂ ਦੇ ਲਹੂ ਜੰਮ ਗਏ ਸਨ ਯਾ ਸੁਕ ਗੈ ਸਨ

-੯੮-