ਪੰਨਾ:ਬਾਦਸ਼ਾਹੀਆਂ.pdf/120

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਿਨ ਰਾਤ ਉਡੀਕਾਂ ਕਰਦੇ ਨੇ, ਮਾਸ਼ੂਕਾਂ ਤਈਂ ਧਿਆਂਦੇ ਨੇ
'ਮ੍ਰਿਗ ਤ੍ਰਿਸ਼ਨਾਂ' ਵਾਂਗ ਉਡੀਕਾਂ ਵਿਚ ਤਪਦਿਕ ਜਿਹਾ ਲਾ ਬਹਿੰਦੇ ਨੇ
ਜਲ 'ਵਸਲ' ਤਾਂ ਮੂੰਹ ਕੀ ਪੈਣਾ ਸੀ? ਅਲਬੱਤਾ ਸੱਲ ਲੱਖ ਸਹਿੰਦੇ ਨੇ
ਹਾਇ, ਤੋਬਾ, ਹਾੜੇ, ਤਰਲੇ ਤੇ ਦੰਦ ਵਿਲਕਣ ਰੋਵਣ ਅਰਜ਼ਾਂ ਦੀ
ਹੈ ਜਾਚ 'ਉਡੀਕ' ਸਿਖਾ ਦੇਂਦੀ, ਕਈ ਬਹਿਰਾਂ, ਵਜ਼ਨਾਂ,ਤਰਜ਼ਾਂ ਦੀ
ਇਸ ਛੂਤ ਰੋਗ ਤੋਂ ਆਸ਼ਿਕ ਹੀ ਨਾ ਕੇਵਲ ਖੂਨ ਸੁਕਾਂਦੇ ਨੇ
ਸਭ ਹੋਰ ਲੋਕ ਭੀ ਖੁਸ਼ੀ ਖੁਸ਼ੀ ਦਿਲ ਇਸ ਦਾ 'ਜਰਮ' ਬਿਠਾਂਦੇ ਨੇ
ਜੋ 'ਤਾਜਰ ਹੈ ਉਹ ਗਾਹਕ ਦੀਆਂ ਹਰ ਵਕਤ ਉਡੀਕਾਂ ਰਖਦਾ ਹੈ
ਤੇ ਕਾਰੀਗਰ ਇਸ ਰੋਗ ਵਿਚ, ਪਿਆ ਝਿੜਕਾਂ ਝੰਬਾਂ ਚਖਦਾ ਹੈ
ਉਸਤਾਦ ਉਡੀਕਣ ਮੁੰਡਿਆਂ ਨੂੰ ਤੇ ਵੈਦ-ਹਕੀਮ ਮਰੀਜ਼ਾਂ ਨੂੰ
ਹਰ ਕੋਈ ਉਡੀਕੇ ਜ਼ਰ-ਜ਼ਮੀਨ ਯਾ ਮਿੱਤਰ-ਯਾਰ ਅਜ਼ੀਜ਼ਾਂ ਨੂੰ
ਜੋਗੀ ਭੀ ਕਰੇ ਤਪੱਸਯਾ ਜੋ, ਓਹ ਨਹੀਂ ਉਡੀਕੋਂ ਬਚਿਆ ਹੈ
ਚਾਅ ਅਪਨੇ ਪ੍ਰਭੂ ਦੇ ਦਰਸ਼ਨ ਦਾ ਉਸ ਰੋਮ ਰੋਮ ਵਿਚ ਰਚਿਆ ਹੈ
ਮਤਲਬ ਕੀ ਚਕਵੀ-ਚਕਵੇ ਜਯੋਂ ਹਰ ਕੋਈ ਉਡੀਕੀਂ ਮੋਯਾ ਹੈ
ਪਰ ਦੱਸੋ ਖਾਂ, ਕੰਮ ਕਿੰਨਿਆਂ ਦਾ, ਮਨ-ਭਾਂਦਾ ਪੂਰਾ ਹੋਯਾ ਹੈ ?
ਮਰਦੇ ਤਾਂ ਅਰਬਾਂ ਖਰਬਾਂ ਨੇ, ਇਕ ਅਧ ਦੀ ਕਿਸਮਤ ਫਲਦੀ ਹੈ
ਇਉਂ ਛੁਰੀ ਉਡੀਕਾਂ ਦੀ ਸਭ ਤੇ ਪਈ ਸਾਰੀ ਉਮਰਾ ਚਲਦੀ ਹੈ
'ਸੁਥਰੇ’ ਨੇ ਇਸ ਬੀਮਾਰੀ ਦਾ ਇਹ ਦਸਿਆ ਦਾਰੂ ਸ਼ਾਹੀ ਹੈ
ਸੁਖ-ਸੋਮਾ ਬੇ ਪਰਵਾਹੀ, ਹੈ, ਦੁਖ-ਭਰੀ ਉਡੀਕਾਂ-ਫਾਹੀ ਹੈ
ਜਿਸ ਔਣਾ ਹੈ ਉਸ ਔਣਾ ਹੈ, ਕਿਉਂ ਤਰਲੇ ਕਰ ਕਰ ਮਰੇ ਕੋਈ?
ਜੋ ਮਿਲਨਾ ਹੈ ਸੋ ਮਿਲਨਾ ਹੈ,ਕਿਉਂ ਲਾਲਾਂ ਮੂੰਹ ਵਿਚ ਭਰੇ ਕੋਈ?
ਹੈ ਆਰ ਗੰਗਾ ਤੇ ਪਾਰ ਗੰਗਾ ਵਿਚਕਾਰ ਹਾਂ ਮੈਂ ਤੇ ਤੂੰ ਸਜਣਾ
ਜੋ ਲਹਿਣਾ ਹੈ ਸੋ ਲੈਣਾ ਹੈ, ਨਾਸਾਂ ਵਿਚ ਦੇ ਕੇ ਧੂੰ ਸਜਣਾ
ਜਦ ਪਹਿਲਾਂ ਪ੍ਰੇਮ, ਪ੍ਰੀਤਮ ਦੇ ਹੀ ਅੱਡਾ ਰਿਦੇ ਜਮੌਂਦਾ ਹੈ
ਦੀਵਾ ਖੁਦ ਪਹਿਲਾਂ ਜਲਦਾ ਹੈ ਪਿਛੋਂ ਪਰਵਾਨਾ ਔਂਦਾ ਹੈ
ਤਾਂ ਪ੍ਰੇਮੀ ਨੂੰ ਕੀ ਲੋੜ ਪਈ ਹੈ ਵਿਚ ਉਡੀਕਾਂ ਰੋਵਣ ਦੀ ?
ਬੇ-ਫ਼ੈਦਾ ਮੱਥਾ ਰਗੜਨ ਤੇ ਹਥ ਜੋੜਨ ਫਾਵੇ ਹੋਵਣ ਦੀ ?

-੯੨-