ਪੰਨਾ:ਬਾਦਸ਼ਾਹੀਆਂ.pdf/116

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਨੂੰ ਕੀ ? ਜੇ ਹੱਥ ਕਿਸੇ ਦੇ ਕੋਮਲ ਕਮਲ ਨਿਰਾਲੇ ਨੇ
ਦੁਨੀਆਂ ਪਾਗ਼ਲ ਬਣਦੀ ਹੈ ਤਾਂ ਬਣੇ ਇਸ਼ਕ ਦਿਖਲਾਵਣ ਨੂੰ
ਆਪਾਂ ਨੂੰ ਨਹੀਂ ਕਿਹਾ ਵੈਦ ਨੇ ਰੋਗ ਅਜੇਹਾ ਲਾਵਣ ਨੂੰ
ਦੱਸੋ ਭਲਾ, ਵੇਖ ਫੁਲ ਖਿੜਿਆ, ਕਿਉਂ ਤਰਸਾਂ ਲਲਚਾਵਾਂ ਮੈਂ ?
ਦੁੜਕ ਛਾਲ ਚਿੱਕੜ ਵਿਚ ਮਾਰਾਂ, ਬਲ ਤੋੜਨ ਹਿਤ ਲਾਵਾਂ ਮੈਂ ?
ਕਿਉਂ ਬੂਟੇ ਵਿਚ ਹੱਥ ਮਾਰ ਕੇ, ਜ਼ਖ਼ਮ ਕੰਡੇ ਦਾ ਖਾਵਾਂ ਮੈਂ ?
ਮੂਰਖ ਬਣਾਂ, ਮਖੌਲ ਕਰਾਵਾਂ, ਕਿਉਂ ਕਪੜੇ ਪੜਵਾਵਾਂ ਮੈਂ ?
ਫੁਲ ਦੀ ਗੰਧ ਤਾਂ ਆਪੇ ਉਡ ਕੇ, ਸਾਡੇ ਵਲ ਆ ਜਾਣੀ ਹੈ
ਅਸਾਂ ਆਪਣੀ ਬੇ-ਪਰਵਾਹੀ ਦੀ ਕਿਉਂ ਸ਼ਾਨ ਗਵਾਣੀ ਹੈ
ਚੰਦ-ਚਾਨਣੀ ਦੇਖ ਭਲਾ ਮੈਂ ਹਉਕੇ ਭਰ ਭਰ ਰੋਵਾਂ ਕਿਉਂ ?
ਕਰ ਕਰ ਯਾਦ 'ਕਿਸੇ' ਦਾ ਮੁਖੜਾ, ਜਾਨ ਆਪਣੀ ਖੋਵਾਂ ਕਿਉਂ ?
ਮਿੱਠੀ ਨੀਂਦ ਛੱਡ ਕੇ ਤੜਫਾਂ, ਬੈਠਾਂ, ਤੁਰਾਂ, ਖਲੋਵਾਂ ਕਿਉਂ ?
ਦਰਸ਼ਨ ਇਕ ਕਿਸੇ ਦੇ ਖ਼ਾਤਰ, 'ਰਬ' ਦਾ ਅੱਝੀ ਹੋਵਾਂ ਕਿਉਂ ?
ਬਦੋਬਦੀ ਕਿਉਂ ਭੇਟ ਕਰਨ ਨੂੰ, ਸਿਰ ਦਿਲ ਹਥ ਤੇ ਲਈ ਫਿਰਾਂ ?
ਹੰਕਾਰੀ ਦੇ ਠੁੱਡ ਖਾਣ ਨੂੰ, ਕਿਉਂ ਪੈਰੀਂ ਸਿਰ ਦਈ ਫਿਰਾਂ ?
ਮੈਂ ਬੇਸ਼ਕ ਇਸ ਜਗ ਤੇ ਹਰ ਦਮ ਹਸਦਾ ਅਤੇ ਹਸਾਂਦਾ ਹਾਂ
ਪਰ ਨਾ ਚਾਹ-ਸ਼ਿਕੰਜੇ ਅੰਦਰ ਆਪਣਾ ਦਿਲ ਕੁੜਕਾਂਦਾ ਹਾਂ
ਫੁਲ ਦੀ ਖ਼ੁਸ਼ਬੂ ਨੂੰ ਹਾਂ ਸੁੰਘਦਾ, ਨਾ ਕਿ ਉਸ ਨੂੰ ਖਾਂਦਾ ਹਾਂ
ਕੋਈ ਪਦਾਰਥ ਦੇਖ ਜਗਤ ਦਾ ਰਾਲ ਨਹੀਂ ਟਪਕਾਂਦਾ ਹਾਂ
ਮੇਰਾ ਦਿਲ ਹੈ ਮੇਰੇ ਵਸ ਵਿਚ, ਜਿਧਰ ਚਾਹਾਂ ਚਲਾਵਾਂ ਮੈਂ
ਤਦੇ ਕਮਲ ਸਮ ਜਗ ਵਿਚ 'ਸੁਥਰਾ' ਬੇ-ਪਰਵਾਹ ਕਹਾਵਾਂ ਮੈਂ

ਅਮੀਰ ਦੀ ਛੋਹ

ਇਕ ਸਾਧੂ ਦੀ ਕੁਟੀਆ ਵਿਚ ਇਕ ਧਨੀ ਮੁਸਾਫਰ ਆਯਾ
ਆਦਰ ਕੀਤਾ ਸਾਧੂ ਨੇ ਤੇ ਜਲ-ਪਰਸ਼ਾਦ ਛਕਾਯਾ
ਰਾਤੀਂ ਓਥੇ ਡੇਰਾ ਕੀਤਾ, ਓਸ ਪਦਾਰਥ ਵਾਲੇ
ਭੁੰਜੇ ਸੌਣ ਲਗਿਆਂ ਉਸ ਨੇ ਨਖਰੇ ਕਈ ਦਿਖਾਲੇ

-੮੮-