ਪੰਨਾ:ਬਾਦਸ਼ਾਹੀਆਂ.pdf/113

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਖ਼ਰ ਜੋਸ਼ ਵਿਚ ਆ ਕੇ ਦੋਹਾਂ, ਤੇਗਾਂ ਢਾਲਾਂ ਸੁਟੀਆਂ
ਗੁਥਮਗੁਥਾ ਕੁਸ਼ਤੀ ਜੁਟੇ, ਗਿਚੀਆਂ ਫੜ ਫੜ ਘੁਟੀਆਂ
ਹਜ਼ਰਤ ਅਲੀ ਮਾਰ ਕੇ ਠਿੱਬੀ ਵੈਰੀ ਭੋਇੰ ਗਿਰਾਯਾ
ਸ਼ੇਰ ਵਾਂਗ ਚੜ੍ਹ ਛਾਤੀ ਉਤੇ ਉਸ ਦਾ ਗਲਾ ਦਬਾਯਾ
ਛਿੱਥੇ ਹੋ ਕੇ ਕਾਫ਼ਰ ਨੇ ਹਜ਼ਰਤ-ਮੱਥੇ ਥੁਕਿਆ
ਹਜ਼ਰਤ ਨੇ ਝਟ ਹਥ ਆਪਣਾ ਉਸ ਦੇ ਗਲ ਤੋਂ ਚੁਕਿਆ
ਕਹਿਣ ਲਗੇ 'ਜੰਗ ਤੇਰਾ ਮੇਰਾ, ਸੀ ਅਸੂਲ ਦਾ ਭਾਈ
'ਕੁਫ਼ਰ ਅਤੇ ਇਮਾਨ ਵਿਚ ਸੀ ਹੁੰਦੀ ਪਈ ਲੜਾਈ
ਤੂੰ ਹੁਣ ਮੇਰੇ ਮੂੰਹ ਤੇ ਥੁਕ ਕੇ, ਵੈਰ ਜ਼ਾਤੀ ਹੈ ਅਡਿਆ
'ਹੈ ਹਰਾਮ ਹੁਣ ਤਿਰਾ ਮਾਰਨਾ,ਜਾਹ ਮੈਂ ਤੈਨੂੰ ਛਡਿਆ !'
ਕਾਫ਼ਰ ਡਿਗਿਆ ਹਜ਼ਰਤ ਪੈਰੀਂ, ਹੋਯਾ ਅਸੂਲੀ ਬੰਦਾ
'ਸੁਥਰਾ' ਬਣੇ ਜਿ ਜਗ ਤਜ ਦੇਵੇ, ਜ਼ਾਤੀ ਝਗੜਾ ਗੰਦਾ

ਫ਼ੇਅਰਵੈੱਲ

{ਦਸਵੀਂ ਜਮਾਤ ਦਾ ਸਾਲਾਨਾ ਇਮਤਿਹਾਨ ਸ਼ਰੂ ਹੋਣ ਤੋਂ ਪਹਿਲਾਂ
ਮੁੰਡਿਆਂ ਤੇ ਮਾਸਟਰਾਂ ਦੇ ਰੁਖ਼ਸਤੀ ਜਲਸੇ ਲਈ}

ਫ਼ੇਅਰਵੈੱਲ, ਐ ਮੇਹਰਬਾਨ, ਉਸਤਾਦ ਸਾਹਿਬੋ ਵਿਦਾ ਕਰੋ
ਪੁਤਰਾਂ ਜਹੇ ਸ਼ਗਿਰਦਾਂ ਤਾਈ, ਤੋਰੋ, ਕਰੜਾ ਰਿਦਾ ਕਰੋ
ਮੇਹਰਬਾਨੀਆਂ ਆਪਦੀਆਂ ਲੱਖ ਲਿਖੀਆਂ ਉਤੇ ਦਿਲ ਦੇ ਨੇ
ਸ਼ੁਕਰਗੁਜ਼ਾਰੀ ਲਈ ਜੀਭ ਨੂੰ ਲਫ਼ਜ਼ ਨਾ ਕਾਫ਼ੀ ਮਿਲਦੇ ਨੇ
ਸਾਡੇ ਜਹੇ ਹਜ਼ਾਰਾਂ ਲੜਕੇ ਲਾਇਕ ਤੁਸੀਂ ਬਣਾ ਦਿਤੇ
ਘਰਾਂ ਹਜ਼ਾਰਾਂ ਵਿਚ ਵਿਦਯਾ ਦੇ ਚਮਤਕਾਰ ਫੈਲਾ ਦਿਤੇ
ਆਪ ਤੁਸੀਂ ਏਥੇ ਦੇ ਏਥੇ, ਮੁੰਡੇ ਮੌਜਾਂ ਕਰਦੇ ਨੇ
ਬਨ ਕੇ ਜੱਜ ਵਕੀਲ, ਵਗੈਰਾ, ਮਾਯਾ ਖੀਸੇ ਭਰਦੇ ਨੇ
ਦਿਓ ਅਸੀਸਾਂ ਸਾਨੂੰ ਭੀ ਕੁਝ ਬਣ ਜਾਈਏ ਕੁਝ ਬਣ ਜਾਈਏ
ਮੈਟ੍ਰਿਕ ਬੀ. ਏ. ਐਮ. ਏ. ਹੋ ਕੇ, ਫਿਰ ਭੀ ਧੱਕੇ ਨਾ ਖਾਈਏ
ਇਕ ਬੇਨਤੀ ਹੋਰ ਆਪ ਦੇ ਅੱਗੇ ਕਰਦੇ ਸੰਗਦੇ ਹਾਂ

-੮੫-