ਪੰਨਾ:ਬਾਦਸ਼ਾਹੀਆਂ.pdf/103

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਵੇਂ ਫੁਲਾਹੁਣੀ ਦੇ ਕੇ ਤਿੰਨਾਂ, ਟੁਕੜੇ ਉਸ ਨੂੰ ਕੀਤਾ
ਮਾਸ ਓਸ ਦਾ ਹਸ ਹਸ ਖਾਧਾ ਮਜ਼ਾ ਕਈ ਦਿਨ ਲੀਤਾ
ਭਲਿਆਂ ਤਈਂ ਚਲਾਕ ਯਾਰ ਹਨ ਇਵੇਂ ਫੁਲਾ ਕੇ ਖਾਂਦੇ
ਜਯੋਂ ਲੂੰਬੜ ਨੇ ਕਾਂ ਸੀ ਠਗਿਆ, ਤਿਉਂ ਹਨ ਠੱਗ ਲਿਜਾਂਦੇ
ਭੋਲੇ ਲੋਕੋ ! ਖ਼ਬਰਦਾਰ ਨਾ ਵਿਚ ਫੁਲਾਹੁਣੀ ਆਣਾ
ਜੇੜ੍ਹਾ ਕਰੇ ਖ਼ੁਸ਼ਾਮਦ ਉਸ ਤੋਂ ‘ਸੁਥਰੇ' ਸਮ ਨਸ ਜਾਣਾ

ਕੁੱਤੇ ਦਾ ਕੁੱਤਾ ਵੈਰੀ

ਇਕ ਸੰਤ ਨੇ ਬਾਸੀ ਰੋਟੀ, ਇਕ ਕੁਤੇ ਨੂੰ ਪਾਈ
ਉਸਨੇ ਖੁਸ਼ ਹੋ 'ਥੈਂਕਸ' ਕਰਨ ਨੂੰ ਫੁਲ ਕੇ ਪੂਛ ਹਿਲਾਈ
ਓਵੇਂ ਹੋਰ ਕੁੱਤਾ ਇਕ ਕਿਧਰੋਂ ਭੱਜਾ ਭੱਜਾ ਆਯਾ
ਭੁੱਖ ਲਗੀ ਸੀ ਉਸ ਨੂੰ ਡਾਢੀ, ਰੋਟੀ ਨੂੰ ਮੂੰਹ ਪਾਯਾ
ਪਹਿਲਾ ਕੁੱਤਾ, ਭਊਂ ਭਊਂ ਕਰਕੇ ਉਸ ਨੂੰ ਵਢਣ ਲੱਗਾ
ਉਸ ਨੇ ਭੀ ਅੱਗੋਂ ਦੰਦ ਕੱਢੇ, ਭੁੱਲਾ ਪਿੱਛਾ ਅੱਗਾ
ਲਹੂ ਲੁਹਾਣ ਹੋਏ ਲੜ ਦੋਵੇਂ, ਸਾਹ, ਸਤ, ਸ਼ਕਤੀ ਮੁੱਕੀ
ਵਾਂਗ ਮੁਰਦਿਆਂ ਡਿਗ ਪੈ ਆਖ਼ਰ ਤਾਕਤ ਰਹੀ ਨ ਉੱਕੀ
ਰੋਟੀ ਡਿੱਗੀ ਕਾਂ ਨੇ ਵੇਖੀ, ਆਯਾ ਮਾਰ ਉਡਾਰੀ
'ਕਾਂ ਕਾਂ ਕਰਕੇ ਨਿਜ ਬਰਾਦਰੀ ਸੱਦ ਲਈ ਉਸ ਸਾਰੀ
ਰਲ ਕੇ ਖਾਣ ਲਗੇ ਕਾਂ ਰੋਟੀ, ਕੁਤੇ ਤਰਸਣ-ਰੋਵਣ
ਹਰ ਇਕ ਚੁੰਜ ਕਲੇਜੇ ਵੱਜੇ, ਤੜਫਣ, ਫਾਵੇ ਹੋਵਣ
ਵੇਖ ਦੁਰਦਸ਼ਾ, ਕਾਵਾਂ ਤਾਈਂ ਖਿੜ ਖਿੜ ਹਾਸਾ ਆਵੇ
ਉਸ ਦਾ ਹਾਲ ਇਹੋ ਹੀ ਹੁੰਦਾ, ਜੋ ਨ ਵੰਡ ਕੇ ਖਾਵੇ
ਸੋਚ ਫੁਰੀ 'ਸੁਥਰੇ' ਨੂੰ 'ਲੋਕੀ ਕਿਉਂ ਨਹੀਂ ਸਿਖ੍ਯਾ ਲੈਂਦੇ ?
ਕ੍ਯੋਂ ਕੁਤਿਆਂ ਸਮ ਆਪਣੇ ਵੀਰਾਂ ਨੂੰ ਵੱਢਣ ਨੂੰ ਪੈਂਦੇ ?
'ਕਾਂ ਨੂੰ ਇਕ ਬੁਰਕੀ ਜੇ ਲੱਭੇ ਫੌਰਨ ਸ਼ੋਰ ਮਚਾਵੇ
'ਦਸ ਵੀਹ ਵੀਰ ਕਰ ਲਵੇ ਕੱਠੇ, ਵੰਡ ਕੇ ਬੁਰਕੀ ਖਾਵੇ
‘ਕਦੀ ਜੇ ਕੋਈ ਕਾਂ ਨੂੰ ਮਾਰੇ, ਕੱਠੇ ਹੋਣ ਹਜ਼ਾਰਾਂ

- ੭੫ -