ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/89

ਇਹ ਸਫ਼ਾ ਪ੍ਰਮਾਣਿਤ ਹੈ

ਘੋੜੇ ਤੇ ਸਵਾਰ ਹੋਕੇ ਤੁਰ ਪਿਆ। ਤੁਰਦਾ-ਤੁਰਦਾ ਬਹੁਤ ਦੂਰ ਚਲਿਆ ਗਿਆ। ਆਥਣ ਵੇਲਾ ਹੋਇਆ ਹੋਇਆ ਸੀ ਮਾਰੋ ਮਾਰ ਇੱਕ ਪਿੰਡ ਵਿੱਚ ਚੀਕ ਚਿਹਾੜਾ ਪਿਆ ਹੋਇਆ ਸੀ। ਪਤਾ ਕਰਨ ਤੇ ਪਤਾ ਲੱਗਿਆ ਬਈ ਇੱਕ ਚੰਗੇ ਸ਼ਾਹੂਕਾਰ ਦਾ ਇਕਲੌਤਾ ਪੁੱਤਰ ਚਲ ਵਸਿਆ ਹੈ। ਤਦ ਦੋ ਟਕੀਆ ਵੀ ਆਪਣਾ ਘੋੜਾ ਸ਼ਾਹੂਕਾਰ ਦੇ ਘਰ ਲੈ ਗਿਆ। ਮੁਰਦੇ ਦੀ ਲਾਸ਼ ਮੜੀਆਂ ਤੇ ਲੈ ਜਾਣ ਨੂੰ ਤਕਰੀਬਨ ਅੱਧਾ ਘੰਟਾ ਪਹਿਲਾਂ ਚੁੱਕੀ ਗਈ ਸੀ। ਜਦੋਂ ਮੜੀਆਂ ਤੇ ਪੁੱਜੇ ਤਾਂ ਸੂਰਜ ਡੁੱਬ ਗਿਆ। ਜਦੋਂ ਨੌਜੁਆਨ ਦੀ ਮੜੀ ਨੂੰ ਅੱਗ ਲਾਉਣ ਲੱਗੇ ਤਾਂ ਇੱਕ ਪੰਡਿਤ ਨੇ ਉੱਠ ਕੇ ਆਖਿਆ, "ਸਾਹੁਕਾਰ ਜੀ ਲੜਕੇ ਦਾਗ ਨਾ ਲਾਓ, ਦਿਨ ਛਿਪਦੇ ਨਾਲ ਦਾਗ ਲਾਉਣਾ ਮਾੜਾ ਹੁੰਦੈ।"
ਸ਼ਾਹੂਕਾਰ ਬੋਲਿਆ, "ਪੰਡਤ ਜੀ ਵਹਿਮ ਨਾ ਕਰੋ। ਇੱਕ ਤੇਰੇ ਵਰਗਾ ਪੰਡਤ ਕਹਿੰਦਾ ਸੀ ਬਈ ਲੜਕੇ ਦੀ ਉਮਰ ਨੱਬੇ ਸਾਲ ਹੈ ਪਰ ਇਹ ਮਰਦਾ ਅਠਾਰਵੇਂ ਸਾਲ 'ਚ ਐ।"
ਇੱਕ ਹੋਰ ਪੰਡਤ ਨੇ ਉੱਠ ਕੇ ਆਖਿਆ, "ਸ਼ਾਹੂਕਾਰ ਜੀ ਠੀਕ ਲੜਕੇ ਦੀ ਉਮਰ ਨੱਬੇ ਸਾਲ ਦੀ ਹੋ ਸਕਦੀ ਐ ਤੇ ਹੈ ਵੀ।"
ਤਦ ਸ਼ਾਹੂਕਾਰ ਨੇ ਕਿਹਾ, "ਮੈਨੂੰ ਸਮਝ ਨੀ ਆਉਂਦੀ ਕਿਵੇਂ ਹੋ ਸਕਦੀ ਐਂ ਜਦੋਂ ਇਹ ਮਰ ਈ ਗਿਐ।"
ਤਦ ਪੰਡਤ ਨੇ ਆਖਿਆ, "ਅੱਜ ਰਾਤ ਤੁਹਾਤੋਂ ਅਤੇ ਤੁਹਾਡੇ ਰਿਸ਼ਤੇਦਾਰਾਂ ਤੋਂ ਬਿਨਾਂ ਕੋਈ ਹੋਰ ਆਦਮੀ ਇਸ ਲੜਕੇ ਦੀ ਰਾਖੀ ਏਥੇ ਹੀ ਰਾਤ ਨੂੰ ਕਰੇ ਤਾਂ ਇਹ ਜਿਊਂਦਾ ਹੋ ਸਕਦਾ ਹੈ।"
ਸਾਹੂਕਾਰ ਨੇ ਬਹੁਤ ਸਾਰੇ ਲੋਕਾਂ ਨੂੰ ਰਾਖੀ ਕਰਨ ਬਾਰੇ ਕਿਹਾ ਪਰ ਕੋਈ ਨਾ ਮੰਨੇ। ਅਖੀਰ ਦੋ ਟਕੀਏ ਨੇ ਸੋਚਿਆ ਛੇ ਮਹੀਨੇ ਨੂੰ ਮਰਿਆ ਜਾਂ ਅੱਜ ਕੀ ਫਰਕ ਐ-ਦੋ ਟਕੀਆ ਸ਼ਾਹੂਕਾਰ ਨੂੰ ਕਹਿੰਦਾ, "ਮੈਂ ਲੜਕੇ ਦੀ ਰਾਖੀ ਰਾਹੀਂ ਕਰੂੰਗਾ-ਮੇਰੇ ਘੋੜੇ ਨੂੰ ਰਜਵੇਂ ਕੱਖ-ਕਾਨੇ ਪਾ ਦੇਣੇ।"
ਐਨਾ ਆਖਣ ਦੀ ਦੇਰ ਸੀ ਪਿੰਡ ਦੇ ਸਾਰੇ ਲੋਕ ਡਰਦੇ ਮਾਰੇ ਆਪਣੇ ਆਪਣੇ ਘਰਾਂ ਨੂੰ ਵਾਪਸ ਮੁੜ ਪਏ।
ਪੋਹ-ਮਾਘ ਦਾ ਮਹੀਨਾ....ਸਾਂ-ਸਾਂ ਕਰਦੀ ਰਾਤ ਵਿੱਚ ਵਿਚਾਰਾ ਇਕੱਲਾ ਦੋ ਟਕੀਆ ਨੰਗੀ ਕ੍ਰਿਪਾਨ ਲਈ ਰਾਖੀ ਕਰ ਰਿਹਾ ਸੀ। ਤਕਰੀਬਨ ਅੱਧੀ ਕੁ ਰਾਤ ਬੀਤਣ ਤੇ ਓਹੀ ਡੈਣ ਆਈ ਤਾਂ ਉਹਨੇ ਮੁੰਡੇ ਦੇ ਸਰਾਣੇ ਵਲੋਂ ਇੱਕ ਮੁੱਠ ਮਿੱਟੀ ਦੀ ਚੁੱਕ ਕੇ ਪੈਰਾਂ ਵੱਲ ਰੱਖ ਦਿੱਤੀ ਅਤੇ ਪੈਰਾਂ ਵਲੋਂ ਚੁੱਕ ਕੇ ਸਰਾਣੇ ਅਤੇ ਚੁਟਕੀ ਮਾਰ ਕੇ ਆਖਿਆ, "ਉਠ ਦੋਸਤਾ।"
ਮੁੰਡਾ ਰਾਮ ਰਾਮ ਕਰਦਾ ਉਠ ਕੇ ਖੜਾ ਹੋ ਗਿਆ। ਤਦ ਉਹਨਾਂ ਕੁਝ ਚਿਰ ਗੱਲਾਂ ਕੀਤੀਆਂ ਅਤੇ ਡੈਣ ਮੁੰਡੇ ਨੂੰ ਕਹਿਣ ਲੱਗੀ, "ਲੈ ਮੈਂ ਹੁਣ ਤੈਨੂੰ ਮਾਰ ਕੇ ਖਾ ਜਾਣੈ ਤੇ ਜੀਹਨੂੰ ਯਾਦ ਕਰਨੈ ਕਰ ਲੈ।" ਮੁੰਡੇ ਨੇ ਦੋ ਵਾਰ ਰਾਮ ਰਾਮ ਕਿਹਾ ਤਦ ਡੈਣ ਨੇ ਫੇਰ ਸਰਾਣੇ ਤੋਂ ਮਿੱਟੀ ਦੀ ਮੁੱਠ ਪੈਰਾਂ ਵੱਲ ਅਤੇ ਪੈਰਾਂ ਵੱਲੋਂ ਸਰਾਣੇ ਵੱਲ ਕਰਕੇ ਮਾਰ ਦਿੱਤਾ। ਇਹ ਸਭ ਕੁਝ ਦੋ ਟਕੀਏ ਨੇ ਦੇਖ ਲਿਆ। ਜਦ ਡੈਣ ਮੁੰਡੇ ਨੂੰ ਖਾਣ ਲੱਗੀ ਤਾਂ ਦੋ ਟਕੀਏ ਨੇ ਗੜ੍ਹਕਵੀਂ ਆਵਾਜ਼ 'ਚ ਲਲਕਾਰਾ ਮਾਰਿਆ, "ਅੱਗੇ ਬਚ ਕੇ ਚਲੀ ਗਈ ਸੀ ਅੱਜ ਨੀ ਬੱਚ ਸਕਦੀ।"

85