ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/82

ਇਹ ਸਫ਼ਾ ਪ੍ਰਮਾਣਿਤ ਹੈ


ਉਹ ਚਲੇ ਗਏ। ਕੰਧ ਉਹਲੇ ਉਹ ਗੱਲਾਂ ਕਰ ਰਹੇ ਸੀ ਆਖਦੇ ਸੀ, “ਆਪਾਂ ਕੱਠੇ ਹੀ ਪਾੜ ਲਾ ਕੇ ਅੰਦਰ ਬੜਾਂਗੇ।”
ਤੀਵੀਂ ਇਹ ਸਾਰੀਆਂ ਗੱਲਾਂ ਸੁਣ ਰਹੀ ਸੀ। ਉਹਨੇ ਆਪਣੇ ਮਾਲਕ ਨੂੰ ਕਿਹਾ "ਤੂੰ ਦੀਵਾ ਲਾ ਦੇ ਮੈਂ ਪਾੜ ਵਿੱਚ ਸਾਰਿਆਂ ਦੇ ਉਸਤਰੇ ਨਾਲ ਨੱਕ ਕੱਟੀ ਜਾਊਂਗੀ।"
ਪਾੜ ਲਾ ਲਿਆ। ਜਿਹੜਾ ਠੱਗ ਲੰਘੇ ਉਸੇ ਦਾ ਉਹ ਨੱਕ ਕੱਟ ਲਵੇ। ਇਸ ਤਰ੍ਹਾਂ ਸਾਰਿਆਂ ਦੇ ਨੱਕ ਕੱਟ ਲਏ।
ਓਥੋਂ ਫੇਰ ਨਸ ਗਏ-ਇੱਕ ਬੁੱਢੀ ਦੇ ਘਰ ਜਾ ਰਹੇ। ਓਸ ਤੀਵੀਂ ਨੂੰ ਫੇਰ ਪਤਾ ਲੱਗ ਗਿਆ। ਉਹ ਚਾਰੇ ਨੱਕ ਲੈ ਕੇ ਬੁੱਢੀ ਪਾਸ ਗਈ ਤੇ ਆਖਿਆ, “ਬੁੱਢੀਏ ਏਥੇ ਮੇਰੇ ਵੀਰ ਵੀ ਨੇ।" ਬੁੱਢੀ ਕਹਿੰਦੀ, “ਭਾਈ ਉਹ ਤਾਂ ਗੁੱਡਣ ਗਏ ਹੋਏ ਨੇ।" ਫੇਰ ਤੀਵੀਂ ਨੇ ਚਾਰੇ ਨੱਕ ਆਟੇ ਵਿੱਚ ਗੁੰਨਕੇ ਰੋਟੀਆਂ ਲਾਹ ਦਿੱਤੀਆਂ। ਬੁੜੀ ਰੋਟੀ ਲੈ ਕੇ ਚਲੀ ਗਈ। ਮਗਰੋਂ ਤੀਵੀਂ ਨੇ ਬੁੜੀ ਦਾ ਸੰਦੁਕ ਭੰਨ ਲਿਆ ਤੇ ਪੈਸੇ ਲੈ ਕੇ ਨੱਸ ਗਈ।
ਬੁੜੀ ਨੇ ਜਾਕੇ ਦੱਸਿਆ ਕਿ ਥੋਡੀ ਅੱਜ ਭੈਣ ਆਈ ਸੀ। ਜਦ ਰੋਟੀ ਵਿੱਚੋਂ ਨੱਕ ਨਿਕਲੇ ਤਾਂ ਸਮਝ ਗਏ। ਫੇਰ ਨੱਸੇ।
ਫੇਰ ਠੱਗ ਉਸੇ ਤੀਵੀਂ ਦੇ ਘਰ ਗਏ। ਪਾੜ ਲਾਇਆ ਤੇ ਸੰਦੂਕ ਵਿੱਚ ਮਾਲਕ ਤੀਵੀਂ ਬੰਦ ਕਰ ਲਏ। ਰਾਤ ਨੂੰ ਸੰਦੂਕ ਚੁੱਕੀ ਦਰਿਆ ਵਲ ਨੂੰ ਤੁਰ ਪਏ। ਰਸਤੇ ਵਿੱਚ ਉਹਨਾਂ ਨੂੰ ਸੱਤ ਠੱਗ ਹੋਰ ਮਿਲੇ। ਉਨਾਂ ਨੇ ਸੰਦੂਕ ਉਹਨਾਂ ਨਾਲ ਵਟਾ ਲਿਆ ਤੇ ਥੈਲੀਆਂ ਲੈ ਲਈਆਂ।
ਠੱਗਾਂ ਨੇ ਸੰਦੂਕ ਭੰਨਕੇ ਦੇਖਿਆ ਤਾਂ ਵਿਚੋਂ ਉਹ ਬੋਲਿਆ, “ਮੈਂ ਵੀ ਵਿਚੇ ਈ ਆਂ।"
“ਸਾਲਿਆ ਪਹਿਲਾਂ ਨਾ ਬੋਲਿਆ।"
“ਮੈਨੂੰ ਤਾਂ ਉਹ ਦਰਿਆ ਵਿੱਚ ਸੁੱਟਣ ਲਈ ਲਜਾ ਰਹੇ ਸੀ।"
ਉਹ ਸੰਦੁਕ ਵਿਚੋਂ ਨਿਕਲ ਕੇ ਭੱਜ ਪਏ-ਠੱਗ ਉਹਨਾਂ ਮਗਰ ਨੱਸੇ। ਮਾਲਕ ਭੱਜ ਕੇ ਘਰ ਜਾ ਬੜਿਆ, ਤੀਵੀਂ ਬਰੋਟੇ ਉਪਰ ਚੜ੍ਹ ਗਈ। ਠੱਗ ਬਰੋਟੇ ਦੇ ਥੱਲੇ ਈ ਸੌ ਗਏ। ਉਪਰੋਂ ਉਹ ਡੱਕੇ ਮਾਰਨ ਲੱਗ ਪਈ ਇੱਕ ਜਣਾ ਜਾਗ ਪਿਆ। ਕਹਿੰਦੀ, ਤੂੰ ਕੱਲਾ ਈ ਉਪਰ ਚੜ ਆ। ਉਹ ਉਪਰ ਚੜ੍ਹ ਆਇਆ।ਉਹ ਬੋਲੀ, “ਚਲ ਆਪਾਂ ਜੀਭਾਂ ਨਾਲ ਜੀਭਾਂ ਮਲਾਈਏ।” ਜਦ ਓਹ ਨੇ ਜੀਭ ਕੱਢੀ ਤਾਂ ਓਸ ਨੇ ਉਸਤਰੇ ਨਾਲ ਉਹਦੀ ਜੀਭ ਵੱਢ ਦਿੱਤੀ। ਉਹ ਉਪਰੋਂ ਥੱਲੇ ਡਿੱਗ ਪਿਆ ਸਾਰੇ ਹੀ ਡਰ ਕੇ ਭੱਜ ਗਏ ।ਤੀਵੀਂ ਆਪਣੇ ਘਰ ਨੂੰ ਆ ਗਈ।

78