ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/79

ਇਹ ਸਫ਼ਾ ਪ੍ਰਮਾਣਿਤ ਹੈ


ਕਹਿੰਦੇ, “ਚੱਲੇ ਉਸ ਮੁੰਡੇ ਨੂੰ ਮਾਰ ਕੇ ਆਈਏ ਜੀਹਨੇ ਸਾਡੇ ਨਾਲ ਠੱਗੀ ਕੀਤੀ ਐ।"
ਠੱਗ ਮੁੰਡੇ ਦੇ ਘਰ ਜਾ ਕੇ ਕਹਿੰਦੇ, “ਤੇਰੇ ਸਾਹੇ ਨੇ ਤਾਂ ਸੁਨੇਹਾ ਦਿੱਤਾ ਨੀ।"
ਮੁੰਡਾ ਕਹਿੰਦਾ, “ਘਰ ਵੀ ਦਖਾ ਦਿੱਤਾ ਸੀ?"
“ਹਕਾਂ" ਇੱਕ·ਠੱਗ ਨੇ ਨਾਂਹ ਵਿੱਚ ਸਿਰ ਘੁਮਾਇਆ।
"ਫੇਰ ਤਾਂ ਇਹਦੇ ਵਿੱਚ ਤੁਹਾਡਾ ਈ ਕਸੂਰ ਐ।”
ਉਹ ਆਪਣਾ ਕਸੂਰ ਮੰਨ ਗਏ।
ਫੇਰ ਮੁੰਡੇ ਨੇ ਠੱਗਾਂ ਲਈ ਵਿਹੜੇ ਵਿੱਚ ਮੰਜਾ ਡਾਹ ਦਿੱਤਾ ਤੇ ਬੁੜੀ ਨੂੰ ਕਹਿੰਦਾ, “ਮਾਂ ਰੋਟੀ ਲਾਹ ਦੇ।” ਫੇਰ ਉਹਨੇ ਬੁੜੀ ਨੂੰ ਅੰਦਰ ਲਿਜਾ ਕੇ ਕਿਹਾ, “ਮਾਂ ਮੈਂ ਤੇਰੇ ਗੁੱਝੂ ਮਾਰੂੰ, ਤੂੰ ਇੱਕ ਦਮ ਡਿੱਗ ਪਈਂ, ਮੈਂ ਸੋਟੀ ਤੇਰੇ ਮੱਥੇ ਤੇ ਲਾਊਂਗਾ ਤੂੰ ਰਾਮ ਰਾਮ ਕਹਿੰਦੀ ਉਠ ਪਈ।"
ਚਾਰੇ ਠੱਗ ਰੋਟੀ ਖਾ ਰਹੇ ਸੀ ਉਹਨੇ ਬੁੜੀ ਦੇ ਗੁੱਝੂ ਮਾਰਿਆ। ਬੁੜੀ ਸਾਹ ਘੜੀਸ ਕੇ ਪੈ ਗਈ। ਫੇਰ ਉਹ ਅੰਦਰੋਂ ਇੱਕ ਘਣ-ਖਾਧੀ ਸੋਟੀ ਲੈ ਆਇਆ। ਬੁੜੀ ਦੇ ਮੱਥੇ ਨੂੰ ਉਹ ਸੱਤ ਵਾਰੀ ਲਾਈ। ਬੁੜੀ ਰਾਮ ਰਾਮ ਕਰਦੀ ਉਠ ਖੜੀ।
ਠੱਗ ਕਹਿੰਦੇ, “ਏਸ ਸੋਟੀ ਦਾ ਮੁੱਲ ਕਰ।”
ਉਹਨੇ ਚਾਰ ਹਜ਼ਾਰ ਮੁੱਲ ਕੀਤਾ। ਉਹਨਾਂ ਨੇ ਚਾਰ ਹਜ਼ਾਰ ਦੇ ਕੇ ਉਹ ਸੋਟੀ ਲੈ ਲਈ ਤੇ ਘਰ ਆ ਗਏ। ਘਰ ਆ ਕੇ ਠੱਗਾਂ ਨੇ ਆਪਣੀਆਂ ਬਹੂਆਂ ਨੂੰ ਕੁੱਟਿਆ ਤੇ ਮਾਰ ਦਿੱਤੀਆਂ। ਉਹ ਉਹਨਾਂ ਦੇ ਮੱਥੇ ਨੂੰ ਸੋਟੀ ਲਾਉਣ ਪਰ ਉਹ ਉੱਠਣ ਹੀ ਨਾ। ਕਹਿੰਦੇ, “ਉਹਨੇ ਫੇਰ ਠੱਗੀ ਮਾਰੀ ਐ ਸਾਡੇ ਨਾਲ। ਆਓ ਹੁਣ ਉਸ ਨੂੰ ਦਰਿਆ ਵਿੱਚ ਸੁੱਟ ਆਈਏ।"
ਉਹ ਉਸ ਦੇ ਘਰ ਗਏ ਮੁੰਡੇ ਦੀ ਗਠੜੀ ਬੰਨ੍ਹ ਕੇ ਦਰਿਆ ਵਲ ਨੂੰ ਤੁਰ ਪਏ। ਖਾਸੀ ਦੂਰ ਚਲੇ ਗਏ। ਰਸਤੇ ਵਿੱਚ ਇੱਕ ਜੱਟ ਦੀ ਝਿੰਗਾਂ ਵੱਢਕੇ ਭਰੀ ਲਾਈ ਪਈ ਸੀ।ਮੁੰਡੇ ਨੂੰ ਭਰੀ ਹੇਠ ਦੇ ਕੇ ਆਪ ਲਾਗਲੇ ਪਿੰਡਾਂ ਰੋਟੀ ਖਾਣ ਚਲੇ ਗਏ।
ਜੱਟ ਦਿਨੇ ਗੁਜਰ ਨੂੰ ਇੱਜੜ ਚਾਰਨ ਨਹੀਂ ਸੀ ਦਿੰਦੇ। ਗੁਜਰ ਰਾਤੀਂ ਚੋਰੀ ਚਾਰਨ ਆਇਆ। ਗੁੱਜਰ ਨੇ ਭਰੀ ਫੋਲੀ ਹੇਠੈ ਮੁੰਡਾ ਨਿਕਲ ਆਇਆ। ਗੁਜਰ ਕਹਿੰਦਾ, “ਤੂੰ ਬੰਨਿਆ ਪਿਐ।”
ਉਹ ਬੋਲਿਆ, “ਮੇਰੇ ਭਾਈ ਮੇਰਾ ਵਿਆਹ ਕਰਨ ਨੂੰ ਕਹਿੰਦੇ ਨੇ ਪਰ ਮੈਂ ਕਰਾਉਣਾ ਨੀ।"
ਗੁਜਰ ਕਹਿੰਦਾ "ਤਾਂ ਮੈਨੂੰ ਬੰਨਦੇ ਜੇ ਤੂੰ ਕਰਾਉਣਾ ਨੀ।"
ਉਹਨੇ ਗੁੱਜਰ ਬੰਨ੍ਹ ਦਿੱਤਾ ਤੇ ਆਪ ਡੇਢ ਸੌ ਬੱਕਰੀ ਘਰ ਨੂੰ ਲੈ ਕੇ ਆ ਗਿਆ।
ਰੋਟੀ ਖਾ ਕੇ ਦੂਜੇ ਠੱਗ ਆ ਗਏ ਤੇ ਉਹਨਾਂ ਨੇ ਗੁੱਜਰ ਚੱਕ ਲਿਆ। ਗੁੱਜਰ ਓਸ ਮੁੰਡੇ ਨਾਲੋਂ ਭਾਰਾ ਸੀ, ਇੱਕ ਚੱਕ ਲਵੇ, ਦੁਜਾ ਫੜ ਲਵੇ। ਮਸੀਂ ਉਸ ਨੂੰ ਦਰਿਆ ਕੋਲ ਲੈ ਕੇ ਗਏ। ਗੁੱਜਰ ਨੂੰ ਦਰਿਆ ਵਿੱਚ ਸੁੱਟ ਕੇ ਆਪਸ ਵਿੱਚ ਕਹਿੰਦੇ, "ਆਓ ਹੁਣ ਉਹਦੀ ਬੁੜੀ ਨੂੰ ਮਾਰ ਆਈਏ।"

75