ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/74

ਇਹ ਸਫ਼ਾ ਪ੍ਰਮਾਣਿਤ ਹੈ

ਧਰੂ ਤਾਰਾ


ਇੱਕ ਸੀ ਰਾਜਾ। ਓਹਨੇ ਪਹਿਲਾ ਵਿਆਹ ਛੱਡ ਦਿੱਤਾ, ਫੇਰ ਦੂਆ ਵਿਆਹ ਕਰਵਾ ਲਿਆ। ਪਹਿਲੀ ਰਾਣੀ ਦੇ ਕੋਈ ਨਿਆਣਾ ਨਾ ਸੀ। ਜਦ ਉਹਨੇ ਦੂਆ ਵਿਆਹ ਕਰਵਾਂ ਲਿਆ ਤਾਂ ਪਹਿਲੀ ਰਾਣੀ ਦੇ ਮੁੰਡਾ ਹੋ ਗਿਆ। ਰਾਣੀ ਪਹਿਲਾਂ ਰਾਜੇ ਦੀ ਕਿਸੇ ਹੋਰ ਮਹਿਲ ਵਿੱਚ ਛੱਡੀ ਹੋਈ ਸੀ। ਜਦ ਰਾਣੀ ਕੋਲ ਰਾਜਾ ਕਦੇ-ਕਦੇ ਜਾਇਆ ਕਰੇ ਤਾਂ ਉਹ ਉਹਦੇ ਨਾਲ ਲੜਿਆ ਕਰੇ। ਫੇਰ ਰਾਜੇ ਨੇ ਉਹ ਰਾਣੀ ਆਪਣੇ ਕੋਲ ਲੈ ਆਂਦੀ। ਦੂਈ ਰਾਣੀ ਓਸ ਤੋਂ ਰੋਜ਼ ਪਿਹਾਇਆ ਕਰੇ। ਜਦ ਉਹ ਪੀਹ ਕੇ ਹਟਿਆ ਕਰੇ ਤਾਂ ਉਹਦੇ ਹੱਥ ਮੂੰਹ ਧੁਆ ਲਿਆ ਕਰੇ ਤਾਂ ਜੋ ਉਹ ਆਟੇ ਦੀ ਧੂੜ ਨੂੰ ਚੱਟ ਨਾ ਸਕੇ। ਇਸ ਤਰ੍ਹਾਂ ਉਹ ਉਸ ਨੂੰ ਭੁੱਖੀ ਰੱਖਦੀ ਸੀ।
ਰਾਜਾ ਕਿਤੇ ਨੂੰ ਗਿਆ ਹੋਇਆ ਸੀ। ਉਹਦੇ ਆਉਂਦੇ ਨੂੰ ਛੋਟੀ ਰਾਣੀ ਖਣਪੱਟੀ ਲੈ ਕੇ ਪੈ ਗਈ। ਕਹਿੰਦੀ, “ਤਾਂ ਜਿਉਨੀ ਆਂ ਜੇ ਮੈਂ ਮਹਿਲ ਉੱਪਰ ਚਾਰੇ ਖੂੰਜਿਆਂ ਤੋਂ ਕੌਲੀਆਂ ਦਹੀਂ ਦੀਆਂ ਭਰ ਕੇ ਰੱਖਾਂ। ਰਾਣੀ ਕੌਆਂ ਨੂੰ ਉਡਾਵੇ।"
ਰਾਜੇ ਨੇ ਮਹਿਲ ਦੇ ਚਾਰੇ ਖੂੰਜਿਆਂ ਤੇ ਦਹੀਂ ਦੀਆਂ ਕੌਲੀਆਂ ਭਰਾ ਕੇ ਰੱਖਣੀਆਂ ਸ਼ੁਰੂ ਕਰ ਦਿੱਤੀਆਂ। ਓਸ ਰਾਣੀ ਨੇ ਇਸ ਤਰ੍ਹਾਂ ਬਾਰਾਂ ਸਾਲ ਕੌਂ ਉਡਾਏ। ਫੇਰ ਓਥੋਂ ਉਹ ਰਾਣੀ ਬਾਹਰ ਕੱਢ ਦਿੱਤੀ। ਬਾਹਰ ਇੱਕ ਰਾਜੇ ਦਾ ਮਕਾਨ ਸੀ ਉਹ ਓਥੇ ਛੱਡ ਦਿੱਤੀ। ਕਈ ਦਿਨ ਲੰਘਗੇ ਇੱਕ ਦਿਨ ਮੁੰਡਾ ਤੇ ਰਾਣੀ ਓਥੋਂ ਤੁਰ ਪਏ। ਉਧਰੋਂ ਰਾਜਾ ਆਉਂਦਾ ਸੀ। ਰਾਜਾ ਉਹਨਾਂ ਨੂੰ ਮੋੜ ਲਿਆਇਆ। ਦੂਜੀ ਰਾਣੀ ਇੱਕ ਦਿਨ ਮੁੰਡੇ ਤੇ ਝੂਠੀ ਤੋਹਮਤ ਲਾ ਕੇ ਰਾਜੇ ਨੂੰ ਕਹਿੰਦੀ, “ਤੇਰਾ ਮੁੰਡਾ ਕਹਿੰਦੈ ਤੂੰ ਮੈਨੂੰ ਸਿਰ ਧਰਾ ਲੈ।”
ਮੁੰਡਾ ਕਹਿੰਦਾ, “ਮੈਂ ਤਾਂ ਤੈਨੂੰ ਇਹ ਗੱਲ ਕਹੀ ਨੀ।"
ਰਾਜਾ ਕਹਿੰਦਾ, “ਕੜਾਹੇ ਵਿੱਚ ਤੇਲ ਪਾ ਕੇ ਹੇਠਾਂ ਅੱਗ ਬਾਲ ਦਿਨੇ ਆਂ ਜਦ ਤੇਲ ਰਿੱਝਣ ਲੱਗੂਗਾ ਤਦ ਮੁੰਡੇ ਨੂੰ ਵਿੱਚ ਸੁਟੱਦਾਂਗੇ। ਜੇ ਮੁੰਡਾ ਝੂਠਾ ਹੋਊਗਾ ਤਾਂ ਜਲ ਕੇ ਮਰਜੂ ਗਾ। ਜੇ ਸੱਚਾ ਹੋਊਗਾ ਤਾਂ ਬੱਚ ਜੂ ਗਾ।
ਮੁੰਡਾ ਸੱਚਾ ਸੀ ਤੇਲ ਇੱਕ ਦਮ ਠੰਡਾ ਹੋ ਗਿਆ।
ਰਾਣੀ ਫੇਰ ਰਾਜੇ ਨੂੰ ਕਹਿੰਦੀ, “ਤਾਂ ਜਿਊਨੀ ਆਂ ਜੇ ਰਾਣੀ ਤੇ ਮੁੰਡੇ ਨੂੰ ਦੇਸ਼ ਨਕਾਲਾ ਦੇ ਦਵੋ।"
ਰਾਜੇ ਨੇ ਮੁੰਡਾ ਤੇ ਪਹਿਲੀ ਰਾਣੀ ਬਾਹਰ ਕੱਢ ਦਿੱਤੇ।

70