ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/73

ਇਹ ਸਫ਼ਾ ਪ੍ਰਮਾਣਿਤ ਹੈ


ਰਾਜੇ ਨੇ ਟੋਭਾ ਭਰਵਾ ਦਿੱਤਾ।
ਰਾਣੀ ਫੇਰ ਉਹਨਾਂ ਨੂੰ ਭੁੱਖੇ ਮਾਰਨ ਲੱਗੀ। ਭੁੱਖ ਨਾਲ ਕੁੜੀ ਮਰ ਗਈ। ਮੁੰਡਾ ਮਾਂ ਦੀ ਮੜੀ ਤੇ ਜਾ ਕੇ ਰੋਣ ਲੱਗਿਆ-ਕਹਿੰਦਾ, “ਮਾਂ ਹੁਣ ਤਾਂ ਮੈਂ ਕੱਲਾ ਹੀ ਰਹਿ ਗਿਆ। ਹੁਣ ਮੇਰਾ ਇਲਾਜ ਬਣਾ।"
ਉਹ ਕਹਿੰਦੀ, “ਬਣ ਵਿੱਚ ਇੱਕ ਗਊ ਹੈ। ਉਹ ਕਿਸੇ ਨੂੰ ਨੀ ਦਿਖਦੀ। ਤੈਨੂੰ ਕੱਲੇ ਨੂੰ ਦਿਖਦੀ ਹੋਊ। ਓਸ ਨੂੰ ਚੁੱਘ ਆਇਆ ਕਰੀਂ। ਅੱਗੇ ਇੱਕ ਖੱਡ ਐ-ਖੱਡ ਵਿੱਚ ਬੜੂ ਤੂੰ ਵੀ ਉਹਦੇ ਮਗਰ ਹੀ ਬੜ ਜਾਇਆ ਕਰੀਂ।”
ਓਹ ਓਕਣ ਹੀ ਕਰਦਾ ਰਿਹਾ।
ਇੱਕ ਦਿਨ ਮਤੇਈ ਰਾਜੇ ਨੂੰ ਕਹਿੰਦੀ, “ਤੂੰ ਮੁੰਡੇ ਨੂੰ ਵੱਢਦੇ। ਇਹ ਗੱਲਾਂ ਇੱਕ ਬੁੜ੍ਹੀ ਸੁਣਦੀ ਸੀ। ਜਦ ਮੁੰਡਾ ਬਾਹਰੋਂ ਆਇਆ, ਕਹਿੰਦੀ, “ਵੇ ਭਾਈ ਤੈਨੂੰ ਉਹ ਵੱਢਣ ਨੂੰ ਫਿਰਦੇ ਨੇ ਤੂੰ ਏਥੋਂ ਭੱਜ਼ ਜਾ।"
ਉਹ ਓਥੋਂ ਭਜ ਕੇ ਗਾਂ ਦੇ ਨਾਲ ਹੀ ਰਹਿਣ ਲੱਗ ਪਿਆ। ਮੁੰਡੇ ਨੇ ਫੇਰ ਵਿਆਹ ਕਰਵਾ ਲਿਆ। ਉਹਨੇ ਇਕ ਮਕਾਨ ਪਾ ਲਿਆ। ਉੱਤੇ ਚੁਬਾਰਾ ਪਾ ਲਿਆ। ਰਾਜਾ ਇੱਕ ਦਿਨ ਸ਼ਿਕਾਰ ਖੇਡਦਾ ਫਿਰਦਾ ਸੀ। ਮੁੰਡੇ ਨੇ ਸੱਦ ਕੇ ਓਸ ਨੂੰ ਰੋਟੀ ਕੀਤੀ। ਰਾਜੇ ਨੂੰ ਖਾਸਾ ਦੇਣ ਦਿੱਤਾ। ਮੁੰਡੇ ਦੀ ਮਤੇਈ ਰਾਜੇ ਨੂੰ ਕਹਿੰਦੀ, “ਕਿਥੋਂ ਲਿਆਇਐ।”
ਰਾਜਾ ਕਹਿੰਦਾ, “ਜੀਹਨੂੰ ਤੂੰ ਮਰਾਉਣ ਨੂੰ ਫਿਰਦੀ ਸੀ ਉਹਨੇ ਦਿੱਤੈ।”
ਕਹਿੰਦੀ, “ਮੈਨੂੰ ਵੀ ਓਥੇ ਲੈ ਚੱਲ।”
ਰਾਜਾ ਲੈ ਗਿਆ, ਘਰ ਦੇ ਸਾਹਮਣੇ ਖਾਸੀ ਦੂਰ ਬਠਾ ਦਿੱਤੀ। ਰਾਜਾ ਮੁੰਡੇ ਦੇ ਘਰ ਨੂੰ ਆਇਆ। ਮੁੰਡਾ ਕਹਿੰਦਾ, “ਪਿਤਾ ਜੀ ਓਹ ਕੌਣ ਬੈਠੀ ਐ।”
ਕਹਿੰਦਾ, “ਤੇਰੀ ਮਤੇਈ ਬੈਠੀ ਐ।” ਕਹਿੰਦਾ, “ਪਿਤਾ ਜੀ ਉਹਨੂੰ ਲਿਆਵੋ|"
ਫੇਰ ਉਹਨੇ ਉਹ ਲਿਆਂਦੀ। ਉਹਨੇ ਰੋਟੀ ਖਲਾਈ। ਉਹਨੂੰ ਮੁੰਡੇ ਦੀ ਬਹੂ ਨੇ ਤਿਓਰ ਦਿੱਤਾ। ਫੇਰ ਉਹ ਆਪਣੇ ਘਰ ਨੂੰ ਚਲੇ ਗਏ । ਜਿਹੜੀ ਬੁੜੀ ਨੇ ਓਸ ਮੁੰਡੇ ਨੂੰ ਬਚਾਇਆ ਸੀ, ਉਹ ਬੁੜੀ ਮੰਗਾਈ। ਉਹਨੂੰ ਵੀ ਖਾਸਾ ਕੁਝ ਦਿੱਤਾ। ਫੇਰ ਉਹ ਬੁੜੀ, ਰਾਜਾ ਤੇ ਮਤੇਈ ਨਾਲ ਪੰਜੇ ਜਣੇ ਰਹਿਣ ਲੱਗ ਪਏ।

69