ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/71

ਇਹ ਸਫ਼ਾ ਪ੍ਰਮਾਣਿਤ ਹੈ

ਦੋਨੋਂ ਚਲੋ ਚਾਲ ਚਲ ਪਏ। ਰਸਤੇ ਵਿੱਚ ਖੂਹੀ ਗੇੜ ਕੇ ਉਹ ਪਾਣੀ ਪੀਣ ਲੱਗੇ। ਓਥੇ ਉਹਨਾਂ ਦੀ ਚਿੱਠੀ ਡਿੱਗ ਪਈ। ਉਹ ਤੁਰ ਪਏ ਚਿੱਠੀ ਉਹਨਾਂ ਨੇ ਦੇਖੀ ਹੀ ਨਾ। ਏਨੇ ਨੂੰ ਪੜ੍ਹਨੇ ਵਾਲੇ ਮੁੰਡੇ ਓਸ ਖੂਹੀ ਤੇ ਆਏ। ਉਹਨਾਂ ਨੇ ਚਿੱਠੀ ਪੜ੍ਹਕੇ ਪਾੜ ਦਿੱਤੀ ਤੇ ਨਵੀਂ ਚਿੱਠੀ ਤੇ ਲਿੱਖ ਦਿੱਤਾ, “ਇਹਨੂੰ ਆਉਂਦੇ ਨੂੰ ਹੀ ਅਨੰਦ ਦੇ ਦਿਓ।" ਕਾਗਜ਼ ਉਹਨਾਂ ਓਥੇ ਹੀ ਰੱਖ ਦਿੱਤਾ।
ਅੱਗੇ ਜਾ ਕੇ ਮੁੰਡੇ ਨੇ ਜੇਬ ਵਿੱਚ ਹੱਥ ਮਾਰਿਆ ਚਿੱਠੀ ਕੋਈ ਨਾ ਸੀ ਓਥੇ। ਉਹ ਮੁੜ੍ਹ ਕੇ ਫੇਰ ਖੂਹੀ ਤੇ ਆਏ ਤੇ ਚਿੱਠੀ ਉਹਨਾਂ ਚੁੱਕ ਲਈ। ਫੇਰ ਉਹ ਓਸ ਪਿੰਡ ਜਾ ਬੜੇ ਜਿੱਥੇ ਉਹਨਾਂ ਨੂੰ ਲੱਖੀ ਵਣਜਾਰੇ ਨੇ ਘੱਲਿਆ ਸੀ। ਜਦ ਲੱਖੀ ਵਣਜਾਰੇ ਦੇ ਮੁੰਡੇ ਨੇ ਉਹ ਚਿੱਠੀ ਪੜ੍ਹੀ ਤੇ ਸੋਚਿਆ, “ਕੋਈ ਰਾਜੇ ਦਾ ਮੁੰਡਾ ਹੋਣੈ।" ਇਸ ਕਰਕੇ ਉਹਨੇ ਆਪਣੀ ਕੁੜੀ ਦੇ ਅਨੰਦ ਉਸ ਨੂੰ ਦੇ ਦਿੱਤੇ। ਮੁੰਡੇ ਨੂੰ ਉਹਨਾਂ ਅਲਗ ਥਾਂ ਦੇ ਦਿੱਤਾ ਤੇ ਉਹ ਓਥੇ ਰਹਿਣ ਲੱਗ ਪਏ।
ਲੱਖੀ ਵਣਜਾਰਾ ਕੁਝ ਦਿਨਾਂ ਮਗਰੋਂ ਘੁੰਮਦਾ ਫਿਰਦਾ ਆਪਣੇ ਪਿੰਡ ਆਇਆ। ਗੱਲਾਂ ਬਾਤਾਂ ਹੋਈਆਂ। ਉਹਨੇ ਆਪਣੇ ਮੁੰਡੇ ਨੂੰ ਕਿਹਾ, “ਮਾਂ ਤਾਂ ਚਿੱਠੀ ਲਿਖੀ ਸੀ ਏਸ ਨੂੰ ਆਉਂਦੇ ਨੂੰ ਹੀ ਮਾਰ ਦਿਓ ਪਰ ਤੁਸੀਂ ਅਨੰਦ ਦੇ ਦਿੱਤੇ।"
ਲੱਖੀ ਫੇਰ ਆਪਣੇ ਪਿੰਡ ਦੇ ਚਮਾਰਾਂ ਕੋਲ ਗਿਆ ਤੇ ਜਾ ਕੇ ਕਹਿੰਦਾ, “ਇੱਕ ਬਹਿਣੀ ਪੱਟ ਲਿਓ ਉਪਰ ਪਾਣੀ ਦਾ ਕੜਾਹਾ ਚਾੜ੍ਹ ਲਓ ਤੇ ਜਿਹੜਾ ਮੈਂ ਆਦਮੀ ਭੇਜੂੰ ਉਹਨੂੰ ਆਉਂਦੇ ਨੂੰ ਹੀ ਕੜਾਹੇ ਵਿੱਚ ਧੱਕਾ ਦੇ ਦਿਓ।"
ਲੱਖੀ ਨੇ ਮੁੰਡੇ ਨੂੰ ਜੁੱਤੀ ਦੇ ਕੇ ਆਖਿਆ, “ਜਾ ਚਮਾਰਾਂ ਦੇ ਘਰੋਂ ਜੱਤੀ ਗਠਾ ਲਿਆ।"
ਜਦ ਉਹ ਚਮਾਰਾਂ ਵਹਿੜੇ ਨੂੰ ਜਾ ਰਿਹਾ ਸੀ ਤੇ ਰਸਤੇ ਵਿੱਚ ਉਹਨੂੰ ਉਹਦਾ ਸੌਹਰਾ ਮਿਲਿਆ। ਮੁੰਡੇ ਨੂੰ ਕਹਿੰਦਾ, “ਲਿਆ ਜੁੱਤੀ ਮੈਂ ਹੀ ਗਠਾ ਲਿਆਉਨਾ ਤੂੰ ਕਾਹਨੂੰ ਜਾਣੈ।”
ਜਦ ਲੱਖੀ ਦਾ ਮੁੰਡਾ ਚਮਾਰਾਂ ਕੋਲ ਗਿਆ ਉਹਨਾਂ ਨੇ ਆਉਂਦੇ ਨੂੰ ਹੀ ਚੁੱਕ ਕੇ ਕੜਾਹੇ ਵਿੱਚ ਸੁੱਟ ਦਿੱਤਾ।
ਜਦ ਮੁੰਡਾ ਘਰ ਮੁੜ ਕੇ ਆਇਆ ਤਾਂ ਲਖੀ ਕਹਿੰਦਾ, “ਜੁੱਤੀ ਦੇ ਆਂਦੀ।" ਮੁੰਡਾ ਕਹਿੰਦਾ, “ਨਹੀਂ। ਬਾਪੂ ਰਸਤੇ ਵਿੱਚੋਂ ਹੀ ਲੈ ਗਿਆ।"
ਲੱਖੀ ਵਣਜਾਰਾ ਮਗਰੇ ਹੀ ਭੱਜਿਆ ਚਮਾਰਾਂ ਦੇ ਵਿਹੜੇ ਨੂੰ। ਜਾਂਦੇ ਨੂੰ ਮੁੰਡੇ ਨੂੰ ਮਾਰ ਦਿੱਤਾ ਸੀ ਉਹਨਾਂ ਨੇ। ਮਗਰੋਂ ਲੱਖੀ ਵੀ ਕੰਧਾਂ ਨਾਲ ਟੱਕਰਾਂ ਮਾਰ ਮਾਰ ਮਰ ਗਿਆ।
ਮੁੰਡਾ ਆਪਣੀ ਬਹੂ ਨੂੰ ਨਾਲ ਲੈ ਕੇ ਬੁੜ੍ਹੀ ਕੋਲ ਚਲਿਆ ਗਿਆ।

67