ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/65

ਇਹ ਸਫ਼ਾ ਪ੍ਰਮਾਣਿਤ ਹੈ

ਚੋਰ ਤੇ ਮਰਾਸੀ


ਚਾਰ ਚੇਰ ਸੀ। ਉਹਨਾਂ 'ਚੋਂ ਇੱਕ ਮਰਾਸੀ ਸੀ। ਕਹਿੰਦੇ ਚਲੇ ਚੋਰੀ ਕਰਨ ਚੱਲੀਏ। ਗਹਾਂ ਇੱਕ ਬੁੜੀ ਦੇ ਘਰ ਚੋਰੀ ਕਰਨ ਲੱਗੇ। ਬੁੜੀ ਦੀ ਖੀਰ ਰਿੰਨੀ ਪਈ ਸੀ ਤੇ ਉਹ ਕੋਲ ਸੁੱਤੀ ਪਈ ਸੀ। ਜਿਹੜੇ ਓਹਦੇ ਮੁੰਡੇ ਸੀ ਉਹ ਚਲਾਉਂਦੀ ਸੀ ਘੁਲਾੜੀ। ਚੋਰ ਉਹਨਾਂ ਦੇ ਘਰ ਜਾ ਬੜੇ। ਕਹਿੰਦੇ, ਪਹਿਲਾਂ ਖੀਰ ਖਾ ਲੋ, ਫੇਰ ਚੋਰੀ ਕਰਾਂਗੇ।
ਚੌਹਾਂ ਜਾਣਿਆਂ ਨੇ ਥਾਲੀ 'ਚ ਖੀਰ ਪਾ ਲੀ। ਜਿਹੜਾ ਮਰਾਸੀ ਸੀ ਕਹਿੰਦਾ, “ਤੁਸੀਂ ਤਾਂ ਥਾਲੀਆਂ ਚ ਪਾਲੀ, ਬੁੜੀ ਬਚਾਰੀ ਹੱਥ ਕਰੀਂ ਪਈ ਐ, ਇਹਨੂੰ ਵੀ ਥੋੜੀ ਜਹੀ ਦੇ ਦੋ।" ਮਰਾਸੀ ਨੇ ਤੱਤੀ-ਤੱਤੀ ਖੀਰ ਦੀ ਕੜਛੀ ਭਰ ਕੇ ਉਹਦੇ ਹੱਥ ਉੱਤੇ ਪਾ ਦਿੱਤੀ। ਬੁੜੀ ਹਾਲ-ਹਾਲ ਕਰਦੀ ਉੱਠੀ। ਬੁੜੀ ਦਾ ਰੌਲਾ ਸੁਣ ਕੇ ਸਾਰੇ ਭੱਜ ਆਏ ਮਰਾਸੀ ਓਥੇ ਹੀ ਰਹਿ ਗਿਆ। ਐਨੇ ਨੂੰ ਬੁੜੀ ਦੇ ਮੁੰਡੇ ਵੀ ਆ ਗਏ। ਉਹ ਮਰਾਸੀ ਨੂੰ ਕੁੱਟਣ ਲੱਗ ਪਏ। ਮਰਾਸੀ ਕਹਿੰਦਾ, “ਮੈਨੂੰ ਕਿਉਂ ਮਾਰਦੇ ਓਂ, ਮੈਂ ਤਾਂ ਥੋਡਾ ਘਰ ਬਚਾ ਦਿੱਤੈ।" ਉਹਨਾਂ ਨੇ ਮਰਾਸੀ ਨੂੰ ਪੰਜ ਰੁਪਏ ਤੇ ਇੱਕ ਥਾਨ ਦੇ ਦਿੱਤਾ।
ਮਰਾਸੀ ਫੇਰ ਜਾ ਰਲਿਆ ਦੂਜੇ ਚੋਰਾਂ ਨਾਲ। ਉਹ ਮਰਾਸੀ ਨੂੰ ਕਹਿੰਦੇ, “ਅਸੀਂ ਨੀ ਤੈਨੂੰ ਰਲਾਉਣਾ।”
ਮਰਾਸੀ ਕਹਿੰਦਾ, “ਹੁਣ ਨੀ ਕਰਦਾ ਕੁਸ ਮੈਨੂੰ ਰਲਾ ਲੋ।
ਫੇਰ ਉਹਨਾਂ ਨੇ ਇੱਕ ਘਰ ਜਾ ਕੇ ਪਾੜ ਲਾਇਆ। ਮਰਾਸੀ ਨੂੰ ਕਹਿੰਦੇ, “ਅਸੀਂ ਅੰਦਰ ਜਾਨੇ ਆਂ ਤੂੰ ਬਾਹਰੋਂ ਬਿੜਕ ਤਿੜਕ ਲਈਂ।"
"ਚੋਰ ਅੰਦਰ ਜਾ ਬੜੇ। ਬਾਹਰ ਮਰਾਸੀ ਕਰਨ ਲੱਗ ਪਿਆ ‘ਬਿੜਕ ਤਿੜਕ’ ‘ਬਿੜਕ ਤਿੜਕ ਮਰਾਸੀ ਦੀ ਵਾਜ ਸੁਣ ਕੇ ਘਰ ਵਾਲੇ ਜਾਗ ਪਏ। ਚੋਰ ਨੱਸ ਗਏ ਤੇ ਮਰਾਸੀ ਰਹਿ ਗਿਆ। ਉਹਨਾਂ ਨੇ ਉਸ ਨੂੰ ਫੜ ਲਿਆ। ਮਰਾਸੀ ਨੂੰ ਕੁੱਟਣ ਲੱਗ ਪਏ ਬਹੁਤ ਕੁੱਟਿਆ। ਮਰਾਸੀ ਕਹਿੰਦਾ, “ਮੈਨੂੰ ਕਿਉਂ ਮਾਰਦੇ ਓ, ਮੈਂ ਤਾਂ ਥੋਨੂੰ ਬਚਾਇਐ।”
ਉਹਨਾਂ ਨੇ ਵੀ ਉਹਨੂੰ ਪੰਜ ਰੁਪਏ ਤੇ ਇੱਕ ਥਾਨ ਦੇ ਦਿੱਤਾ। ਉਹ ਫੇਰ ਜਾ ਰਲਿਆ ਚੋਰਾਂ ਨਾਲ ਕਹਿੰਦੇ, “ਹੁਣ ਨਹੀਂ ਤੈਨੂੰ ਰਲਣ ਦੇਣਾ।"
ਮਰਾਸੀ ਤਰਲੇ ਮਿੰਨਤਾਂ ਕਰਕੇ ਫੇਰ ਜਾਂ ਰਲਿਆ ਉਹਨਾਂ ਨਾਲ।
ਫੇਰ ਉਹਨਾਂ ਨੇ ਭਰਾਈਆਂ ਦੇ ਘਰ ਜਾ ਕੇ ਚੋਰੀ ਕੀਤੀ। ਕਿਸੇ ਨੇ ਕੁਛ ਚੁਕਿਆ ਕਿਸੇ ਨੇ ਕੁਛ ਪਰ ਮਰਾਸੀ ਨੇ ਢੋਲ ਚੁੱਕ ਲਿਆ। ਉਹ ਢੋਲ ਚੁੱਕ ਕੇ ਭਰਾਈਆਂ ਦੇ ਕੋਠੇ ਤੇ ਚੜ ਕੇ ਬਜਾਉਣ ਲੱਗ ਪਿਆ ਨਾਲੇ ਗਾਈ ਜਾਵੇ :
ਦਗੜ ਦਗੜ ਕੁੱਟੀਦਾ
ਭਰਾਈਆਂ ਦਾ ਘਰ ਲੁੱਟੀਦਾ

61