ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/53

ਇਹ ਸਫ਼ਾ ਪ੍ਰਮਾਣਿਤ ਹੈ

ਜੜ ਪੱਟੂ

ਇੱਕ ਸੀ ਜੜਪੱਟੂ, ਤਿੰਨ ਉਹਦੇ ਭਾਈ ਸੀ। ਉਹਨਾਂ ਨੇ ਜੜਪੱਟੂ ਅੱਡ ਕਰ ਦਿੱਤਾ। ਉਹਨਾਂ ਉਹਨੂੰ ਇੱਕ ਬੁੜ੍ਹੀ, ਇੱਕ ਕੱਟੀ ਤੇ ਇੱਕ ਝੁੱਗੀ ਹਿੱਸੇ ਵਿੱਚ ਦੇ ਦਿੱਤੀ।
ਜੜਪੱਟੂ ਰੋਜ਼ ਜਾਇਆ ਕਰੇ ਉਹਨਾਂ ਦੇ ਖੇਤਾਂ ਵਿੱਚ ਚੋਰੀ ਆਪਣੀ ਕੱਟੀ ਚਾਰ ਲਿਆਇਆ ਕਰੇ। ਇੱਕ ਦਿਨ ਉਹ ਤਿੰਨੇ ਭਾਈ ਤਿੰਨੇ ਪਾਸੇ ਬੈਠ ਗਏ। ਚੌਥੇ ਪਾਸੇ ਚੋਂ ਉਹ ਆ ਗਿਆ। ਜਦ ਉਹਨੇ ਆਪਣੀ ਕੱਟੀ ਚਾਰੇ 'ਚ ਛੱਡੀ ਤਾਂ ਉਹਨਾਂ ਤਿੰਨਾਂ ਭਾਈਆਂ ਨੇ ਫੜਕੇ ਉਹ ਕੱਟੀ ਮਾਰ ਦਿੱਤੀ। ਉਹਨੇ ਫੇਰ ਕੱਟੀ ਦੀ ਖੱਲ ਉਤਾਰ ਕੇ ਸੁਕਾ ਲਈ ਤੇ ਸੁੱਕੀ ਖਲ ਮੋਢੇ ਤੇ ਰੱਖ ਕੇ ਚਲੋ ਚਾਲ ਤੁਰ ਪਿਆ। ਰਾਹ ਵਿੱਚ ਉਹਨੂੰ ਸੁਨਸਾਨ ਜਗ੍ਹਾ ਤੇ ਇੱਕ ਬਹੁਤ ਭਾਰੀ ਦਰਖੱਤ ਦਖਾਈ ਦਿੱਤਾ। ਉਹ ਉਸ ਦਰੱਖਤ ਦੀ ਟੀਸੀ ਤੇ ਚੜ੍ਹ ਕੇ ਬੈਠ ਗਿਆ-ਕੱਟੀ ਦੀ ਖਲ ਵੀ ਉਹਨੇ ਆਪਣੇ ਨਾਲ ਹੀ ਚੁੱਕੀ ਹੋਈ ਸੀ। ਉਧਰੋਂ ਆਉਂਦੇ ਸੀ ਤਿੰਨ ਚੋਰ। ਉਹ ਇਸ ਦਰੱਖਤ ਥੱਲੇ ਆ ਕੇ ਕਹਿੰਦੇ, "ਕਿਸੇ ਚੰਗੇ ਘਰ ਨੂੰ ਪਾੜ ਲੱਗ ਜਾਵੇ ਤਾਂ ਅਸੀਂ ਏਸ ਦਰੱਖਤ ਨੂੰ ਚੋਰੀ ਦਾ ਅੱਧਾ ਮਾਲ ਦੇਵਾਂਗੇ।" ਫੇਰ ਉਹਨਾਂ ਨੇ ਇਕ ਸੁਨਿਆਰ ਦੇ ਘਰ ਨੂੰ ਪਾੜ ਜਾ ਲਾਇਆ ਤੇ ਚੋਰੀ ਦਾ ਮਾਲ ਲੈ ਕੇ ਇਸੇ ਦਰੱਖਤ ਥੱਲੇ ਆ ਕੇ ਕਹਿੰਦਾ, “ਢੇਰੀਆਂ ਛੇਤੀ ਛੇਤੀ ਲਾਲੋ ਉਪਰੋਂ ਕਿਤੇ ਰੱਬ ਨਾ ਗਿਰ ਪਵੇ।"
ਜੜਪੱਟ ਉਪਰ ਬੈਠਾ ਚੋਰਾਂ ਦੀ ਘੁਸਰ ਮੁਸਰ ਸੁਣ ਰਿਹਾ ਸੀ। ਉਹਨੇ ਝੱਟ ਦੇਣੇ ਉਪਰੋਂ ਖੱਲ ਸਿੱਟ ਦਿੱਤੀ।
ਚੋਰ ‘ਰੱਬ ਡਿੱਗ ਪਿਆ’, ‘ਰੱਬ ਡਿੱਗ ਪਿਆ' ਆਖਦੇ ਓਥੋਂ ਡਰ ਕੇ ਨੱਸ ਗਏ ਤੇ ਚੋਰੀ ਦਾ ਮਾਲ ਵੀ ਓਥੇ ਹੀ ਛੱਡ ਗਏ। ਜੜਪੱਟੂ ਨੇ ਚੋਰਾਂ ਦੇ ਸਾਰੇ ਰੁਪਏ ਚੁੱਕ ਲਏ ਤੇ ਘਰ ਆ ਕੇ ਆਪਣੇ ਭਾਈਆਂ ਨੂੰ ਕਹਿੰਦਾ, “ਦੇਖੋ ਮੇਰੀ ਮਰੀ ਜਹੀ ਕੱਟੀ ਸੀ ਓਸ ਦੀ ਖਲ ਦੀ ਕਿੰਨੀ ਮਾਇਆ ਲੈ ਕੇ ਆਂਦੀ ਏ। ਤੁਸੀਂ ਵੀ ਆਪਣੀਆਂ ਮੈਸਾਂ ਦੀ ਖਲ ਬੇਚ ਆਓ।”
ਉਹਨਾਂ ਨੇ ਆਪਣੀਆਂ ਮੈਸਾਂ ਮਾਰ ਦਿੱਤੀਆਂ ਤੇ ਖੱਲਾਂ ਸੁਕਾ ਕੇ ਬੇਚਣ ਤੁਰ ਪਏ ਚਲੋ ਚਾਲ ਜਾਂਦੇ ਹੋਏ ‘ਕੋਈ ਲੈ ਲੋ ਖੱਲਾਂ' ਦਾ ਹੋਕਾ ਲਾਈ ਜਾਣ। ਖੱਲ ਦਾ ਕੋਈ ਦੋ ਆਨੇ ਦੋਵੇ, ਕੋਈ ਛੇ ਆਨੇ ਅਤੇ ਕੋਈ ਅੱਠ ਆਨੇ। ਆਖਰ ਉਹ ਆਪਣੀਆਂ ਖੱਲਾਂ ਪਿੰਡ ਦੇ ਬੰਨੇ ਤੇ ਸੁੱਟ ਕੇ ਮੁੜ ਆਏ। ਓਹ ਕਹਿੰਦੇ, "ਏਸ ਜੜਪੱਟੂ ਨੇ ਮਾਰੇ। ਇਹਦੀ ਬੁੜ੍ਹੀ ਨੂੰ ਮਾਰੋ। ਉਹਨਾਂ ਨੇ ਉਹਦੀ ਬੁੜ੍ਹੀ ਮਾਰ ਦਿੱਤੀ।

49