ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/15

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਰਦ ਇਸਤਰੀ ਪਾਤਰ ਵੀ ਇਹਨਾਂ ਪਸ਼ੂਆਂ ਅਤੇ ਜਨੌਰਾਂ ਦੀ ਬੋਲੀ ਸਮਝਦੇ ਹਨ। ਇਹ ਪਸ਼ੂ-ਪੰਛੀ ਮਨੁੱਖਾਂ ਵਾਂਗ ਕਾਰਜ ਕਰਦੇ ਹਨ। ਇਹ ਆਪਣੇ ਜੀਵਨ ਦੀ ਕੋਈ ਘਟਣਾ ਜਾਂ ਵਾਰਤਾਲਾਪ ਰਾਹੀਂ ਮਨੁੱਖ ਨੂੰ ਕਈ ਪ੍ਰਕਾਰ ਦੀ ਸਿੱਖਿਆ ਦੇ ਦਿੰਦੇ ਹਨ। ਇਹੋ ਸਿੱਖਿਆ ਕਥਾਵਾਂ, ਅਖਾਣਾਂ ਅਤੇ ਲੋਕੋਕਤੀਆਂ ਵਾਂਗੂੰ ਪ੍ਰਸਿੱਧ ਹੋ ਜਾਂਦੀਆਂ ਹਨ ਅਤੇ ਛੇਤੀ ਹੀ ਹਰ ਉਮਰ ਦੇ ਪ੍ਰਾਣੀ ਦੇ ਮੂੰਹ ਚੜ੍ਹ ਜਾਂਦੀਆਂ ਹਨ ਤੇ ਅਗਾਂਹ ਸੀਨਾ ਬਸੀਨਾ ਅਗਾਂਹ ਤੁਰੇ ਜਾਂਦੀਆਂ ਹਨ ਤੇ ਕਹਾਣੀਆਂ ਦੀ ਧਾਰਾ ਵਹਿ ਤੁਰਦੀ ਹੈ। ਕੁਦਰਤ ਦੀਆਂ ਮਹਾਨ ਸ਼ਕਤੀਆਂ ਸੂਰਜ, ਚੰਦ, ਤਾਰੇ, ਹਵਾ, ਪਾਣੀ, ਅੱਗ, ਬਿਰਛ, ਧਰਤੀ ਤੇ ਬੱਦਲਾਂ ਆਦਿ ਨੂੰ ਵੀ ਇਹਨਾਂ ਕਹਾਣੀਆਂ ਦੇ ਪਾਤਰ ਬਣਾਇਆ ਗਿਆ ਹੈ।

ਨੈਤਿਕ ਕਦਰਾਂ-ਕੀਮਤਾਂ ਦਾ ਸੰਚਾਰ ਇਹਨਾਂ ਕਹਾਣੀਆਂ ਵਿੱਚ ਵਿਦਮਾਨ ਹੈ। ਸਦਾ ਨੇਕੀ ਦੀ ਜੈ ਹੁੰਦੀ ਹੈ, ਝੂਠ ਹਾਰਦਾ ਹੈ, ਹੱਕ ਸੱਚ ਲਈ ਜੂਝਣ ਵਾਲੇ ਸਨਮਾਨੇ ਜਾਂਦੇ ਹਨ, ਹਿੰਮਤੀ ਤੇ ਸਾਹਸੀ ਜਨ ਸਾਧਾਰਨ ਤੋਂ ਸ਼ਾਬਾਸ਼ ਪ੍ਰਾਪਤ ਕਰਦੇ ਹਨ।

ਕਰੁਣਾ ਰਸ ਅਤੇ ਹਾਸ ਰਸ ਦੀ ਚਾਸ਼ਨੀ ਨਾਲ ਗਲੇਫੀਆਂ ਇਹ ਕਹਾਣੀਆਂ ਤੇ ਨੂੰ ਇੱਕ ਅਨੂਠਾ ਰਸ ਪਰਦਾਨ ਕਰਦੀਆਂ ਹਨ ਜਿਸ ਸਦਕਾ ਉਹ ਇਨ੍ਹਾਂ ਦਾ ਕੀਲਿਆ ਹੋਇਆ ਆਪਣੇ ਕਰਨ ਵਾਲੇ ਕੰਮਾਂ ਕਾਰਾਂ ਤੋਂ ਵੀ ਅਵੇਸਲਾ ਹੋ ਜਾਂਦਾ ਹੈ ਤਦੇ ਤਾਂ ਸਿਆਣੀਆਂ ਦਾਦੀਆਂ ਦਿਨੇ ਕਹਾਣੀ ਸੁਣਾਉਣ ਦੀ ਮਨਾਹੀ ਕਰਦੀਆਂ ਹਨ। "ਨਾ ਭਾਈ ਦਿਨੇ ਬਾਤ ਨੀ ਪਾਈ ਦੀ-ਮਾਮੇ ਰਾਹ ਭੁੱਲ ਜਾਂਦੇ ਨੇ।"

ਲੋਕ ਕਹਾਣੀਆਂ ਵਿੱਚ ਪੰਜਾਬ ਦੇ ਜਨ ਜੀਵਨ ਦੇ ਦਰਸ਼ਨ ਹੁੰਦੇ ਹਨ। ਹਰ ਜਾਤੀ ਤੇ ਕਬੀਲੇ ਦੀਆਂ ਆਪਣੀਆਂ ਕਹਾਣੀਆਂ ਹਨ ਜਿਹੜੀਆਂ ਉਹਨਾਂ ਦੇ ਜੀਵਨ ਪਰਵਾਹ ਨੂੰ ਬਿਆਨ ਕਰਦੀਆਂ ਹਨ। ਜਨ ਸਾਧਾਰਨ ਦੇ ਦੁੱਖਾਂ-ਸੁੱਖਾਂ, ਉਦਗਾਰਾਂ, ਆਸ਼ਾਵਾਂ, ਰਹਿਣ-ਸਹਿਣ, ਰੀਤੀ-ਰਿਵਾਜ਼ਾਂ, ਅਖਲਾਕੀ ਕਦਰਾਂ-ਕੀਮਤਾਂ ਦੀ ਝਲਕ ਇਹਨਾਂ ਕਹਾਣੀਆਂ ਵਿੱਚੋਂ ਸਾਫ ਦਿਸ ਆਉਂਦੀ ਹੈ। ਅਨੁਠਾ ਸੁਆਦ ਹੈ ਇਹਨਾਂ ਲੋਕ ਕਹਾਣੀਆਂ ਦਾ ਕੱਚੇ ਦੁੱਧ ਦੀਆਂ ਧਾਰਾਂ ਵਰਗਾ.....ਮੱਕੀ ਦੀ ਛੱਲੀ ਦੇ ਦੋਧੇ ਦਾਣਿਆਂ ਵਰਗਾ ।

ਲੋਕ ਕਹਾਣੀਆਂ ਪੰਜਾਬੀ ਕਥਾ ਸਾਹਿਤ ਦਾ ਮੁੱਢਲਾ ਰੂਪ ਹਨ। ਪੰਜਾਬ ਦੇ ਪਿੰਡਾਂ ਵਿੱਚ ਇਹਨਾਂ ਕਹਾਣੀਆਂ ਦਾ ਬਹੁਮੁੱਲਾ ਸਰਮਾਇਆ ਅਣ ਸਾਂਭਿਆ ਪਿਆ ਹੈ ਜੋ ਸੀਨਾ ਬਸੀਨਾ ਜ਼ਬਾਨੀ ਤੁਰਿਆ ਆ ਰਿਹਾ ਹੈ। ਇਸ ਨੂੰ ਵਿਗਿਆਨਕ ਢੰਗ ਨਾਲ ਸ਼ਾਂਭਣ ਦੀ ਲੋੜ ਹੈ। ਇਹਨਾਂ ਵਿੱਚ ਪੰਜਾਬੀ ਸੱਭਿਆਚਾਰ ਦੇ ਅੰਸ਼ ਸਮੋਏ ਹੋਏ ਹਨ। ਇਹ ਪੰਜਾਬੀਆਂ ਦਾ ਬੇਸ਼ਕੀਮਤ ਵਿਰਸਾ ਹਨ।

ਦੇਸ਼ ਆਜ਼ਾਦ ਹੋਣ ਉਪਰੰਤ ਭਾਰਤੀ ਵਿਦਵਾਨਾਂ ਨੇ ਲੋਕ ਕਲਾਵਾਂ ਵਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਸੀ ਜਿਸ ਦੇ ਫਲਸਰੂਪ ਲੋਕ ਸਾਹਿਤ ਦੇ ਮੱਹਤਵ ਨੂੰ ਸਮਝਦਿਆਂ ਹੌਇਆਂ ਵੱਖ-ਵੱਖ ਭਾਸ਼ਾਵਾਂ ਵਿੱਚ ਲੋਕ ਗੀਤਾਂ ਅਤੇ ਲੋਕ ਕਹਾਣੀਆਂ ਦੇ ਸੰਕਲਨ ਦਾ ਕਾਰਜ ਆਰੰਭ ਹੋਇਆ। ਪੰਜਾਬੀ ਵਿੱਚ ਵੀ ਵਿਦਵਾਨਾਂ ਨੇ ਲੋਕ ਗੀਤ ਸੰਗਹਿ ਕਰਨੇ ਸ਼ੁਰੂ ਕਰ ਦਿੱਤੇ। ਲੋਕ ਕਹਾਣੀਆਂ ਵਲ ਪੱਛੜਕੇ ਧਿਆਨ ਦਿੱਤਾ ਗਿਆ। ਉਂਜ ਵੀ ਲੋਕ ਕਹਾਣੀਆਂ ਨੂੰ ਇਕੱਤਰ ਕਰਨਾ ਸਿਰੜ ਦਾ ਕਾਰਜ ਹੈ। ਟੇਪ ਰਿਕਾਰਡਾਂ ਦੀ ਕਾਢ ਤੋਂ ਪਹਿਲਾਂ ਤਾਂ ਲੋਕ ਕਹਾਣੀ ਉਂਜ ਹੀ ਸੁਣਕੇ ਕਾਨੀ ਬਧ ਕੀਤੀ ਜਾਂਦੀ ਸੀ

11