ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/98

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਤੇ ਪੁੱਜਦਾ ਹੈ, ਜੇ ਉਹ ਆਦਰਸ਼ਵਾਦ ਦੀ ਧਿਰ ਲੈਂਦਾ ਹੈ। ਅਤੇ ਸੰਸਾਰ ਨੂੰ ਜਾਣਨ ਦੀ ਸੰਭਾਵਨਾ ਬਾਰੇ ਆਦਰਸ਼ਵਾਦ ਕੀ ਕਹਿੰਦਾ ਹੈ?

ਇਕ ਵਸਤੂਪਰਕ ਆਦਰਸ਼ਵਾਦੀ ਕਹੇਗਾ: ਹਾਂ, ਬੇਸ਼ਕ, ਸੰਸਾਰ ਨੂੰ ਜਾਣਿਆ ਜਾ ਸਕਦਾ ਹੈ। ਪਰ ਆਓ ਦੇਖੀਏ ਕਿ ਉਹ ਸ਼ਬਦ "ਜਾਣਿਆ ਜਾ ਸਕਣ ਵਾਲਾ" ਦੇ ਕੀ ਅਰਥ ਲੈਂਦਾ ਹੈ। ਅਫ਼ਲਾਤੂਨ ਦਾ ਵਿਚਾਰ ਸੀ ਕਿ ਮਨੁੱਖ ਸੰਸਾਰ ਨੂੰ ਜਾਣ ਸਕਦਾ ਹੈ, ਪਰ ਪਦਾਰਥਕ ਸੰਸਾਰ ਨੂੰ ਨਹੀਂ, ਸਗੋਂ ਨਿਰੋਲ ਵਿਚਾਰਾਂ ਦੇ ਸੰਸਾਰ ਨੂੰ ਜਿਸਨੇ ਪਦਾਰਥ ਵਿਚ ਜ਼ਿੰਦਗੀ ਫੂਕ ਕੇ ਇਸਨੂੰ ਸਿਰਜਿਆ ਹੈ। ਮਨੁੱਖੀ ਆਤਮਾ ਆਪ ਵੀ ਕਦੀ ਵਿਚਾਰਾਂ ਦੀ ਇਸ ਬਾਦਸ਼ਾਹਤ ਵਿਚ ਰਹਿੰਦੀ ਸੀ, ਇਸਲਈ ਇਸ ਵਾਸਤੇ ਉਸ ਸੰਸਾਰ ਨੂੰ "ਮੁੜ ਯਾਦ ਕਰ ਸਕਣਾ" ਸੌਖਾ ਹੈ, ਜਿਸਨੇ ਪਹਿਲਾਂ ਇਸਨੂੰ ਘੇਰਿਆ ਹੋਇਆ ਸੀ। ਇਸਤਰ੍ਹਾਂ, ਵਸਤੂਪਰਕ ਆਦਰਸ਼ਵਾਦੀ ਲਈ "ਸੰਸਾਰ" ਹਕੀਕਤ ਨਹੀਂ, ਸਗੋਂ ਇਕ ਵਿਸ਼ੇਸ਼, ਆਦਰਸ਼ਕ ਸੰਸਾਰ ਹੈ। ਬੋਧਾਤਮਕ ਅਮਲ ਮੁੜ ਯਾਦ ਕਰਨ ਦਾ ਅਮਲ ਹੈ, ਕਿਉਂਕਿ ਮਨੁੱਖੀ ਮਨ ਇਸ ਆਦਰਸ਼ਕ ਸੰਸਾਰ ਦਾ ਹਿੱਸਾ ਹੈ। ਸੱਚ ਦੀ ਭਾਲ ਵਿਚ ਯਥਾਰਥ ਦਾ ਅਧਿਐਨ ਕਰਨ ਦੀ, ਜਾਂ ਤੱਥ ਇਕੱਠੇ ਕਰਨ, ਉਹਨਾਂ ਦਾ ਟਾਕਰਾ ਕਰਨ, ਵਿਸ਼ਲੇਸ਼ਣ ਕਰਨ ਅਤੇ ਉਹਨਾਂ ਦਾ ਸਮਾਨੀਕਰਨ ਕਰਨ ਦੀ, ਜਾਂ ਸ਼ੰਕਾ ਪਰਗਟ ਕਰਨ ਦੀ ਕੋਈ ਲੋੜ ਨਹੀਂ। ਮਨੁੱਖ ਨੂੰ ਸਿਰਫ਼ ਜ਼ਰਾ ਸੋਚਣ ਦੀ ਲੋੜ ਹੈ-- ਅਤੇ ਬ੍ਰਹਿਮੰਡ ਦੇ ਭੇਦਾਂ ਦੀਆਂ ਚਾਬੀਆਂ ਉਸਦੇ ਹੱਥਾਂ ਵਿਚ ਹੋਣਗੀਆਂ।

ਆਤਮਪਰਕ ਆਦਰਸ਼ਵਾਦੀ ਲਈ ਗੱਲ ਹੋਰ ਵੀ ਸਰਲ ਹੈ। ਜੇ ਸਾਰਾ ਸੰਸਾਰ ਹੀ ਸਾਡੀਆਂ ਇੰਦਰਿਆਵੀ ਅਨੁਭੂਤੀਆਂ, ਮਨ ਅਤੇ ਕਲਪਣਾ ਦੀ ਉਪਜ ਤੋਂ ਛੁੱਟ ਕੁਝ ਨਹੀਂ, ਤਾਂ ਅਸੀਂ

੯੬