ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/95

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਓ ਦੋ ਤਰ੍ਹਾਂ ਦੇ ਆਦਰਸ਼ਵਾਦ ਦੀ-- ਆਤਮਪਰਕ ਆਦਰਸ਼ਵਾਦ ਅਤੇ ਵਸਤੂਪਰਕ ਆਦਰਸ਼ਵਾਦ ਦੀ--ਪੁਣਛਾਣ ਕਰੀਏ।

ਸਾਜ਼ ਤੋਂ ਬਿਨਾਂ ਸਾਜ਼ਿੰਦਾ ਅਤੇ ਇਕ ਪਾਗਲ ਪਿਆਨੋ

ਵਸਤੂਪਰਕ ਆਦਰਸ਼ਵਾਦੀਆਂ ਦਾ ਵਿਸ਼ਵਾਸ ਹੈ ਕਿ ਸੰਸਾਰ ਮਨ ਜਾਂ ਚੇਤਨਾ ਉਪਰ ਆਧਾਰਤ ਹੈ। ਫਿਰ ਵੀ, ਵਸਤੂਪਰਕ ਆਦਰਸ਼ਵਾਦੀ ਇਹ ਦਲੀਲ ਦੇਂਦਾ ਹੈ, ਮਨੁੱਖ ਦੀ ਚੇਤਨਾ ਪਰਿਪੂਰਨ ਨਹੀਂ ਹੈ। ਕਦੀ ਕਦੀ ਸੰਸਾਰ ਦੀਆਂ ਅੜਾਉਣੀਆਂ ਉਸਦੇ ਮਨ ਦੀ ਸ਼ਕਤੀ ਤੋਂ ਬਾਹਰ ਹੁੰਦੀਆਂ ਹਨ। ਉਹ ਸੌਖੀ ਤਰ੍ਹਾਂ ਹਾਰ ਖਾ ਜਾਂਦਾ ਹੈ ਅਤੇ ਮੁਸ਼ਕਲਾਂ ਦੇ ਰੂਬਰੂ ਪਿੱਛੇ ਹਟ ਜਾਇਗਾ, ਅਤੇ ਤੀਬਰ ਜਜ਼ਬਾ ਅਕਸਰ ਨਰੋਏ ਤਰਕ ਨੂੰ ਧੁੰਦਲਾ ਕਰ ਦੇਂਦਾ ਹੈ। ਮਨੁੱਖ ਗ਼ਲਤੀਆਂ ਕਰ ਸਕਦਾ ਹੈ ਅਤੇ ਪ੍ਰਮਾਣਿਤ ਅਧਿਕਾਰੀਆਂ ਅੱਗੇ ਗੋਡੇ ਟੇਕ ਦੇਵੇਗਾ। ਇਸਤੋਂ ਛੁੱਟ, ਉਸਦੀ ਜ਼ਿੰਦਗੀ ਸੰਖੇਪ ਹੈ, ਜਿਹੜੀ ਗੱਲ ਕਿ ਉਸਨੂੰ ਆਪਣੇ ਤਰਕ ਦੀ ਵਧੇਰੇ ਲੰਮੇ ਸਮੇਂ ਲਈ ਵਰਤੋਂ ਕਰਨ ਤੋਂ ਰੋਕਦੀ ਹੈ। ਪਰ ਇਕ ਤਰ੍ਹਾਂ ਦਾ ਤਰਕ ਹੋਰ ਵੀ ਹੈ-- ਨਿਰਪੇਖ ਅਤੇ ਪਰਾ-- ਪ੍ਰਕਿਰਤਕ-- ਜਿਹੜਾ ਮਨੁੱਖ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਵੀ ਮੌਜੂਦ ਸੀ ਅਤੇ ਜਿਹੜਾ ਸਦਾ ਹੀ ਮੌਜੂਦ ਰਹੇਗਾ। ਇਸ ਸਰਵੁੱਚ ਤਰਕ ਲਈ ਪ੍ਰਕਿਰਤੀ ਦੇ ਸਾਰੇ ਭੇਦ ਅਤੇ ਮਨੁੱਖ ਦੀ ਹੋਣੀ ਪ੍ਰਤੱਖ ਹੈ। ਮਨੁੱਖੀ ਮਨ ਇਕ ਕਿਣਕੇ ਤੋਂ, ਅਰਸ਼ੀ ਤਰਕ ਦੇ ਇਕ ਮਾੜੇ ਜਿਹੇ ਪ੍ਰਤਿਬਿੰਬ ਤੋਂ ਸਿਵਾ ਹੋਰ ਕੁਝ ਨਹੀਂ।

ਇਸਤਰ੍ਹਾਂ, ਨਿਰਪੇਖ, ਅਰਸ਼ੀ ਤਰਕ ਮਨੁੱਖ ਤੋਂ ਸਵੈਧੀਨ ਅਰਥਾਤ, ਵਸਤੂਪਰਕ ਤੌਰ ਉਤੇ ਹੋਂਦ ਰੱਖਦਾ ਹੈ, ਜਦ ਕਿ ਮਨੁੱਖ ਆਪ ਅਤੇ ਸਮੁੱਚਾ ਸੰਸਾਰ ਇਸ ਪਰਾ-ਪ੍ਰਕਿਰਤਕ ਆਤਮਾ ਦੀਆਂ ਸਰਗਰਮੀਆਂ ਦਾ ਸਿੱਟਾ ਹਨ। ਇਹ ਵਸਤੂਪਰਕ ਆਦਰਸ਼ਵਾਦ ਦਾ ਤੱਤ ਹੈ।

੯੩