ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/86

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਦਾ ਹੈ। ਇਸ ਆਸ਼ਾਵਾਦੀ ਸੰਸਾਰ ਦ੍ਰਿਸ਼ਟੀਕੋਨ ਦੇ ਵਿਸ਼ੇਸ਼ ਲੱਛਣ, ਜੋ ਕਿ ਇਕਸਾਰ ਪਦਾਰਥਵਾਦੀ ਦੇ ਪ੍ਰਤਿਨਿਧ ਲੱਛਣ ਹਨ, ਸਿਧੇ ਸੰਸਾਰ ਅਤੇ ਮਨੁੱਖ ਬਾਰੇ ਉਸਦੀ ਦ੍ਰਿਸ਼ਟੀ ਤੋਂ ਨਿਕਲਦੇ ਹਨ।

ਪਦਾਰਥਵਾਦੀ ਲਈ, ਸੰਸਾਰ ਆਪਣੀ ਵਿਭਿੰਨਤਾ ਵਿਚ ਇਕ ਹੈ, ਅਤੇ ਸਮੇਂ ਅਤੇ ਸਥਾਨ ਵਿਚ ਅਸੀਮ ਹੈ। ਪਰ ਫਿਰ ਵੀ ਪਦਾਰਥਵਾਦੀ ਨੂੰ ਸਪਸ਼ਟ ਕਰਨਾ ਪੈਂਦਾ ਹੈ ਕਿ ਇਸ ਸੰਸਾਰ ਵਿਚ ਮਨੁੱਖ ਦਾ ਕੀ ਸਥਾਨ ਹੈ, ਅਤੇ ਚੇਤਨਾ ਕਿਵੇਂ ਜਨਮ ਲੈਂਦੀ ਹੈ। "ਮਹਾਨ ਘੜੀਸਾਜ਼" ਦੀ ਸਹਾਇਤਾ ਉਪਰ ਨਿਰਭਰ ਕੀਤੇ ਤੋਂ ਬਿਨਾਂ ਸੰਸਾਰ ਬਾਰੇ ਇਹੋ ਜਿਹੇ ਦ੍ਰਿਸ਼ਟੀਕੋਨ ਨੂੰ ਪ੍ਰਮਾਣਿਤ ਕਰਨ ਲਈ, ਇਹ ਮੰਨਣਾ ਜ਼ਰੂਰੀ ਹੈ ਕਿ ਉਹ ਸਾਰੀਆਂ ਸ਼ਕਤੀਆਂ, ਜਿਹੜੀਆਂ ਨਿਰਜੀਵ ਅਤੇ ਸਜੀਵ ਪ੍ਰਕਿਰਤੀ ਦੀ ਸਾਰੀ ਵੰਨ-ਸੁਵੰਨਤਾ ਦੇ ਪਿੱਛੇ, ਅਤੇ, ਅੰਤਮ ਰੂਪਾਂ ਵਿਚ ਮਨੁੱਖ ਦੇ ਪਿੱਛੇ ਵੀ (ਜਿਹੜਾ ਕਿ ਤਰਕ ਅਤੇ ਜਜ਼ਬਿਆਂ ਨਾਲ ਵਰੋਸਾਇਆ ਹੋਇਆ ਹੈ) ਕੰਮ ਕਰ ਰਹੀਆਂ ਹਨ, ਲਾਜ਼ਮੀ ਤੌਰ ਉਤੇ ਪਦਾਰਥ ਵਿਚ, ਪ੍ਰਕਿਰਤੀ ਵਿਚ ਹੀ ਮੌਜੂਦ ਹੋਣਗੀਆਂ, ਨਾ ਕਿ ਇਸਤੋਂ ਕਿਤੇ ਬਾਹਰ।

ਕੋਈ ਸਮਾਂ ਸੀ ਜਦੋਂ ਪ੍ਰਕਿਰਤੀ ਅਤੇ ਮਨੁੱਖ ਬਾਰੇ ਗਿਆਨ ਬੇਹੱਦ ਸੀਮਤ ਸੀ ਅਤੇ ਇਸ ਸਵਾਲ ਨੂੰ ਬੇਹੱਦ ਸਰਲ ਢੰਗ ਨਾਲ ਨਜਿੱਠਿਆ ਜਾਂਦਾ ਸੀ: ਚੇਤਨਾ, "ਆਤਮਾ", ਨਿਰਜੀਵ ਪਦਾਰਥ ਵਿਚੋਂ ਪੈਦਾ ਨਹੀਂ ਹੁੰਦੀ ਸਗੋਂ ਹਰ ਵਰਤਾਰੇ ਵਿਚ ਸ਼ਾਮਲ ਹੁੰਦੀ ਹੈ ਅਤੇ ਪ੍ਰਕਿਰਤੀ ਵਿਚ ਹਮੇਸ਼ਾ ਹੀ ਹਾਜ਼ਰ ਰਹੀ ਹੈ। ਇਹ, ਇਕਤਰ੍ਹਾਂ ਨਾਲ, ਪੱਥਰਾਂ, ਪਾਣੀ ਅਤੇ ਧਰਤੀ ਵਿਚ "ਸੌਂ ਰਹੀ ਹੁੰਦੀ ਹੈ," ਦਰੱਖਤਾਂ ਅਤੇ ਜਾਨਵਰਾਂ ਵਿਚ ਹੌਲੀ ਹੌਲੀ ਜਾਗ ਰਹੀ ਹੁੰਦੀ ਹੈ ਅਤੇ ਮਨੁੱਖ ਦੇ ਪਰਗਟ ਹੋਣ ਨਾਲ ਅਖ਼ੀਰ ਆਪਣੀਆਂ ਅੱਖਾਂ "ਖੋਹਲ ਲੈਂਦੀ ਹੈ"। ਇਸ ਪਹੁੰਚ

੮੪