ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/82

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਾਂਭੇ ਜਾਣ ਦੇ ਕਾਰਨ ਹੀ ਇਹੋ ਜਿਹੇ ਸਿੱਟਿਆਂ ਉਤੇ ਪਹੁੰਚਣਾ ਸੰਭਵ ਹੈ।

ਆਓ ਦੇਖੀਏ ਕਿ ਆਦਰਸ਼ਵਾਦ ਸਾਨੂੰ ਕਿਹੜੀਆਂ ਜੀਵਨ--ਕੀਮਤਾਂ ਪੇਸ਼ ਕਰਦਾ ਹੈ। ਇਸ ਸੰਸਾਰ ਵਿਚ ਬਹੁਤਾ ਕੁਝ ਪਰਾਪਤ ਕਰਨ ਸਕਣ ਵਾਸਤੇ ਮਨੁੱਖ ਲਈ ਇਸਨੂੰ ਕੋਈ ਰਸਤਾ ਨਜ਼ਰ ਨਹੀਂ ਆਉਂਦਾ। ਇਸਲਈ, ਆਦਰਸ਼ਵਾਦੀ ਦਾ ਸੰਸਾਰ ਦ੍ਰਿਸ਼ਟੀਕੋਨ ਬੁਨਿਆਦੀ ਤੌਰ ਉਤੇ ਨਿਰਾਸ਼ਾਵਾਦੀ ਹੈ। ਮੌਤ, ਕਸ਼ਟ ਅਤੇ ਇਕਲਾਪਾ ਇਸ ਸੰਸਾਰ ਉਤੇ ਭਾਰੂ ਹਨ। ਸੱਚੀ ਆਜ਼ਾਦੀ, ਰਚਣਾਤਮਿਕਤਾ, ਪਿਆਰ ਅਤੇ ਖ਼ੁਸ਼ੀ-– ਸਾਰੀਆਂ ਚੀਜ਼ਾਂ ਜਿਨ੍ਹਾਂ ਦੇ ਕਿ ਮਨੁੱਖ ਯੋਗ ਹੈ-– ਦੀ ਅਣਹੋਂਦ ਹੈ। ਫਿਰ ਵੀ, ਆਦਰਸ਼ਵਾਦੀ ਦਾ ਕਹਿਣਾ ਹੈ, ਅਸੀਂ ਇਸ ਸੰਸਾਰ ਵਿਚ ਆਪਣੀ ਜ਼ਿੰਦਗੀ ਨੂੰ ਬਦਲੇ ਤੋਂ ਬਿਨਾਂ ਹੀ ਘੱਟੋ ਘੱਟ ਬਰਦਾਸ਼ਤ ਕਰਨ ਯੋਗ ਬਣਾ ਸਕਦੇ ਹਾਂ। ਕਿਵੇਂ? ਇਹ ਵਿਸ਼ਵਾਸ ਕਰਕੇ ਕਿ ਇਕ ਹੋਰ ਵੀ ਸੰਸਾਰ ਹੈ ਅਤੇ ਇਹ ਅਦਿੱਖ ਸੰਸਾਰ ਅਸਲੀ ਹੈ; ਕਿ ਮਨੁੱਖ ਇਸ ਨਾਲ ਡੂੰਘੇ ਸੰਬੰਧਾਂ ਰਾਹੀਂ ਜੁੜਿਆ ਹੋਇਆ ਹੈ, ਕਿ ਉਹ ਇਸਨਾਲ ਸੰਚਾਰ ਕਰ ਸਕਦਾ ਹੈ, ਅਤੇ ਉਹ ਜਲਦੀ ਹੀ ਹਮੇਸ਼ਾ ਹਮੇਸ਼ਾ ਲਈ ਇਸ ਵਿਚ ਦਾਖ਼ਲ ਹੋ ਜਾਵੇਗਾ। ਸੋ, ਜੇ ਇਸ ਫ਼ਿਲਾਸਫ਼ੀ ਨੂੰ ਆਸ਼ਾਵਾਦੀ ਕਿਹਾ ਜਾ ਸਕਦਾ ਹੈ, ਤਾਂ ਇਹ ਝੂਠਾ, ਝਾਵਲਾ-ਰੂਪੀ ਆਸ਼ਾਵਾਦ ਹੈ।

ਸਮਕਾਲੀ ਪੱਛਮੀ ਫ਼ਿਲਾਸਫ਼ੀ ਵਿਚ ਵੀ ਨਿਰਾਸ਼ਾਵਾਦੀ ਸੁਰ ਕਾਫ਼ੀ ਉੱਚੀ ਹੈ: ਸਾਡਾ ਸਮੁੱਚਾ ਜੀਵਨ ਨਾ ਦੂਰ ਹੋਣ ਵਾਲੀਆਂ, ਦੁਖਾਂਤਕ ਵਿਰੋਧਤਾਈਆਂ ਨਾਲ ਭਰਿਆ ਪਿਆ ਹੈ: ਇਹ ਐਸਾ ਜੀਵਨ ਹੈ ਜਿਹੜਾ ਮੌਤ ਵਿਚ ਜਾ ਮੁੱਕਦਾ ਹੈ, ਇਸਲਈ ਮਨੁੱਖਾ ਜੀਵਨ ਦਾ ਕੋਈ ਅਰਥ ਨਹੀਂ; ਇਹ ਬੇਥਵ੍ਹੀ ਚੀਜ਼ ਹੈ। ਭਾਵੇਂ ਕੁਝ ਫ਼ਿਲਾਸਫ਼ਰਾਂ ਨੇ (ਉਦਾਹਰਣ ਵਜੋਂ, ਜਾਂ-ਪਾਲ ਸਾਰਤਰ ਨੇ) ਮਨੁੱਖਾ ਜੀਵਨ ਦੀ ਇਸਤਰ੍ਹਾਂ ਦੀ ਸੂਝ ਤੋਂ ਇਨਕਲਾਬੀ

੮੦