ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/80

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕਸੁਰ ਅੰਤਰ-ਸੰਬੰਧ ਵਜੋਂ ਕੀਤਾ ਗਿਆ ਹੈ; ਦੂਜੇ ਵਿਚ, ਇਸਨੂੰ ਮਨੁੱਖੀ ਸਰਗਰਮੀਆਂ ਦੇ ਖੇਤਰ ਵਜੋਂ, ਮਨੁੱਖ ਦੇ ਜਜ਼ਬਿਆਂ ਅਤੇ ਇੱਛਾਵਾਂ ਦੇ ਪ੍ਰਗਟਾਅ ਵਜੋਂ ਦੇਖਿਆ ਗਿਆ ਹੈ। ਦੇਖਣ ਨੂੰ ਇਹ ਹਰ ਇਕ ਦੀ ਸੰਤੁਸ਼ਟੀ ਕਰਦਾ ਲੱਗੇਗਾ। ਫਿਰ ਵੀ ਇਹ ਸਪਸ਼ਟ ਹੈ ਕਿ ਇਹੋ ਜਿਹਾ "ਨਿਰਪੱਖ ਅਦਵੈਤਵਾਦ" ਦਵੈਤਵਾਦ ਦੇ ਇਕ ਬੜੇ ਲੁਕਵੇਂ ਰੂਪ ਤੋਂ ਸਿਵਾ ਹੋਰ ਕੁਝ ਨਹੀਂ।

ਪਦਾਰਥ ਅਤੇ ਚੇਤਨਾ ਵਿਚਲੇ ਸੰਬੰਧ ਬਾਰੇ ਇਕ ਹੋਰ, ਅਤੇ ਪਹਿਲੀ ਨਜ਼ਰੇ, ਸਭ ਤੋਂ ਵੱਧ ਇਕਸਾਰ "ਅਦਵੈਤਵਾਦੀ" ਵਿਚਾਰ ਵੀ ਹੈ। ਇਸ ਵਿਚਾਰ ਅਨੁਸਾਰ, ਸਾਡਾ ਮਨ ਜਾਂ ਚੇਤਨਾ ਪਦਾਰਥ ਤੋਂ ਵੱਖਰੀ ਕੋਈ ਚੀਜ਼ ਨਹੀਂ। ਚਿੰਤਨ ਪਦਾਰਥਕ ਹੈ। ਪਰ ਲੈਨਿਨ ਨੇ ਪਦਾਰਥਵਾਦੀ ਜੋਜ਼ਫ਼ ਦੀਤਜ਼ਜੈਨ ਦੀ, ਜਿਹੜਾ ਇਸ ਵਿਚਾਰ ਨੂੰ ਮੰਣਦਾ ਸੀ, ਆਲੋਚਨਾ ਕੀਤੀ ਅਤੇ ਇਹੋ ਜਿਹੇ ਪਦਾਰਥਵਾਦ ਨੂੰ ਗੰਵਾਰੂ, ਸਰਲੀਕ੍ਰਿਤ ਅਤੇ, ਇਸਲਈ, ਪਦਾਰਥ ਅਤੇ ਚੇਤਨਾ ਵਿਚਲੇ ਸੰਬੰਧ ਨੂੰ ਗ਼ਲਤ ਤਰ੍ਹਾਂ ਪੇਸ਼ ਕਰਨ ਦਾ ਇਕ ਸਾਧਨ ਦਸਿਆ। "ਇਹ ਕਹਿਣਾ ਕਿ ਚਿੰਤਨ ਪਦਾਰਥਕ ਹੈ। ਇਕ ਗ਼ਲਤ ਕਦਮ ਚੁੱਕਣਾ ਹੈ, ਪਦਾਰਥਵਾਦ ਅਤੇ ਆਦਰਸ਼ਵਾਦ ਨੂੰ ਰਲਗੱਡ ਕਰਨ ਵੱਲ ਨੂੰ ਇਕ ਕਦਮ।"* ਪਦਾਰਥਕ, ਅਸਲ ਵਿਚ, ਸਾਡੇ ਮਨ ਉਪਰ ਨਿਰਭਰ ਨਹੀਂ ਕਰਦਾ। ਪਰ ਵਸਤੂਪਰਕ ਆਦਰਸ਼ਵਾਦੀ ਲਈ ਰੂਹਾਨੀ, ਚਿੰਤਨ, ਵੀ ਮਨੁੱਖੀ ਚੇਤਨਾ ਤੋਂ ਸਵੈਧੀਨ ਹੈ। ਇਕਸਾਰ ਅਦਵੈਤਵਾਦੀ ਪਦਾਰਥਵਾਦ ਚਿੰਤਨ ਨੂੰ ਪਦਾਰਥ ਨਾਲ ਸਮਰੂਪ ਨਹੀਂ ਕਰਦਾ, ਸਗੋਂ ਚਿੰਤਨ ਜਾਂ ਚੇਤਨਾ ਨੂੰ ਪਦਾਰਥ ਦੇ ਵਿਕਾਸ ਦੇ ਉਚੇਰੇ ਪੜਾਵਾਂ ਉਤੇ ਇਸਦੀ ਸਰਵੁੱਚ ਉਪਜ ਸਮਝਦਾ ਹੈ।

————————————————————

*ਵ. ਇ. ਲੈਨਿਨ, "ਪਦਾਰਥਵਾਦ ਅਤੇ ਅਨੁਭਵ-ਸਿੱਧ ਆਲੋਚਨਾ", ਕਿਰਤ ਸੰਗ੍ਰਹਿ, ਸੈਂਚੀ ੧੪, ਸਫਾ ੨੪੪।

੭੮