ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/74

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਮਝਦੇ ਸਨ, ਜਿਨ੍ਹਾਂ ਅਨੁਸਾਰ ਸਾਰੀ ਹੀ ਨਿਰਜੀਵ ਅਤੇ ਸਜੀਵ ਪ੍ਰਕਿਰਤੀ ਵਿਕਾਸ ਕਰ ਰਹੀ ਹੈ। ਪਸ਼ੂ ਨੂੰ ਇਕ ਤਰ੍ਹਾਂ ਦੀ ਮਸ਼ੀਨ ਸਮਝਿਆ ਜਾਂਦਾ ਸੀ, ਅਤੇ ਇਹ ਵੀ ਸਗੋਂ ਦਾਅਵਾ ਕੀਤਾ ਜਾਂਦਾ ਸੀ ਕਿ ਹੋਰ ਕਿਸੇ ਵੀ ਮਸ਼ੀਨ ਵਾਂਗ, ਇਹ ਕਸ਼ਟ ਮਹਿਸੂਸ ਨਹੀਂ ਕਰਦਾ। ਇਹਨਾਂ ਫ਼ਿਲਾਸਫ਼ਰਾਂ ਦੀ ਰਾਇ ਵਿਚ, ਮਨੁੱਖ ਇਕ ਬੜਾ ਜਟਿਲ ਮੈਕਾਨਿਜ਼ਮ ਹੀ ਸੀ। ਫ਼ਰਾਂਸੀਸੀ ਫ਼ਿਲਾਸਫ਼ਰ ਜੂਲੀਅਨ ਆਫ਼ਰੇ' ਦ ਲਾਮੇਤਰੇ ਨੇ ਤਾਂ ਆਪਣੀ ਬੁਨਿਆਦੀ ਕਿਰਤ ਨੂੰ "ਮਨੁੱਖ-ਮਸ਼ੀਨ" ਦਾ ਸਿਰਲੇਖ ਦਿਤਾ।

ਉਸ ਵੇਲੇ ਬ੍ਰਹਿਮੰਡ ਨੂੰ ਇਕ ਬਹੁਤ ਵੱਡੀ ਘੜੀ ਵਾਂਗ ਸਮਝਿਆ ਜਾਂਦਾ ਸੀ। ਪਰ, ਬੇਸ਼ਕ, ਘੜੀ ਨੂੰ ਕੋਈ ਚਾਬੀ ਦੇਣ ਵਾਲਾ ਵੀ ਚਾਹੀਦਾ ਸੀ। ਤਾਂ ਫਿਰ ਉਹ ਮਹਾਨ ਘੜੀਸਾਜ਼ ਕੌਣ ਹੈ? ਦੂਜੇ ਸ਼ਬਦਾਂ ਵਿਚ, ਬ੍ਰਹਿਮੰਡ ਦੇ, ਬਨਸਪਤੀ ਅਤੇ ਪਸ਼ੂ ਸੰਸਾਰ ਦੇ, ਅਤੇ ਮਨੁੱਖ ਦੇ ਪਰਗਟ ਹੋਣ ਦੀ ਵਿਆਖਿਆ ਕਿਵੇਂ ਕੀਤੀ ਜਾ ਸਕਦੀ ਹੈ? ਮਕੈਨਿਕਸ ਦੇ ਕਾਨੂੰਨਾਂ ਉਪਰ ਹੀ ਨਿਰਭਰ ਕਰਦਿਆਂ ਇਸ ਸਵਾਲ ਦਾ ਠੀਕ ਜਵਾਬ ਦੇਣਾ ਬੜਾ ਮੁਸ਼ਕਲ ਸੀ। ਮਕੈਨਿਕਸ ਵਿਚ ਹਰ ਚੀਜ਼ ਸਰਲ ਹੈ: ਜੇ ਤੁਸੀਂ ਬਿਲੀਅਰਡ ਦੇ ਗੋਲੇ ਨੂੰ ਹਰਕਤ ਦਿਓ, ਤਾਂ ਇਹ ਮੇਜ਼ ਉਪਰ ਚੱਲੀ ਜਾਇਗਾ ਜਦੋਂ ਤੱਕ ਕਿ ਇਹ ਰੁਕ ਨਹੀਂ ਜਾਂਦਾ, ਜੇ ਇਸਨੂੰ ਮੁੜਕੇ ਹਰਕਤ ਨਹੀਂ ਦਿਤੀ ਜਾਂਦੀ। ਕੀ ਬ੍ਰਹਿਮੰਡ ਨਾਲ ਵੀ ਇੰਝ ਹੀ ਹੈ? ਸ਼ਾਇਦ ਕਿਸੇ ਨੇ ਕਿਸੇ ਵੇਲੇ ਇਸਦੀ ਘੜੀ ਨੂੰ ਚਾਬੀ ਲਾਈ ਸੀ, ਅਤੇ ਇਹ ਬਿਨਾਂ ਕਿਸੇ ਰੁਕਾਵਟ ਦੇ ਕੁਝ ਸਮੇਂ ਲਈ ਕੰਮ ਕਰਦੀ ਜਾਇਗੀ। ਜਿਵੇਂ ਕਿ ਅਸੀਂ ਉਪਰ ਦੱਸਿਆ ਹੈ, ਇਹੋ ਜਿਹੇ ਕੰਮ ਦੇ ਸਮਰੱਥ ਇਕੋ ਇਕ "ਘੜੀਸਾਜ਼" ਕੋਈ ਗੈਰ-ਪਦਾਰਥਕ, ਰੂਹਾਨੀ ਸ਼ਕਤੀ ਹੀ ਹੋ ਸਕਦੀ ਹੈ।

ਇਸਤੋਂ ਸਿੱਟਾ ਇਹ ਨਿਕਲਦਾ ਹੈ ਕਿ ਮਕਾਨਕੀ ਪਦਾਰਥਵਾਦ

੭੨