ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/72

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਿਆ ਹੈ ਕਿ ਇਹ ਸ਼ਕਤੀ ਗੈਰ-ਪਦਾਰਥਕ ਹੈ। ਪਰ ਸੰਸਾਰ ਵਿਚ ਪਦਾਰਥ ਅਤੇ ਚੇਤਨਾ ਤੋਂ ਸਿਵਾ ਹੋਰ ਕੁਝ ਵੀ ਨਹੀਂ: ਇਹ ਹਸਤੀ ਦੇ ਦੋ ਸਭ ਤੋਂ ਵੱਧ ਆਮ ਖੇਤਰ ਹਨ। ਇਸਲਈ ਪਦਾਰਥ ਦੀ ਸੀਮਿਤ ਪ੍ਰਕਿਰਤੀ ਬਾਰੇ ਪ੍ਰਸਤਾਵ ਅਟੱਲ ਤੌਰ ਉਤੇ ਆਦਰਸ਼ਵਾਦ ਵੱਲ ਲੈ ਜਾਂਦਾ ਹੈ, ਇਸ ਸਿੱਟੇ ਵੱਲ ਕਿ ਪਦਾਰਥ ਦੀ, ਅਤੇ ਖ਼ੁਦ ਕਾਨੂੰਨਾਂ ਦੀ, ਜਿਸ ਅਨੁਸਾਰ ਇਹ ਵਿਕਾਸ ਕਰਦਾ ਹੈ, ਉਤਪਤੀ ਅਤੇ ਵਿਗਾਸ ਦਾ ਸੋਮਾ ਕੋਈ ਆਤਮਾ ਹੈ, ਜਾਂ, ਜਿਵੇਂ ਕਿ ਆਮ ਕਰਕੇ ਕਿਹਾ ਜਾਂਦਾ ਹੈ, ਪਰਮਾਤਮਾ ਹੈ।

ਸੋ ਸਿੱਟਾ ਇਹ ਨਿਕਲਦਾ ਹੈ: ਸੰਸਾਰ ਦੀ ਪਦਾਰਥਕ ਏਕਤਾ, ਇਸਦੀ ਸਦੀਵੀ ਅਤੇ ਅਸੀਮ ਪ੍ਰਕਿਰਤੀ ਨੂੰ ਮੰਨੇ ਤੋਂ ਬਿਨਾਂ ਸੱਚੇ, ਇਕਸਾਰ ਪਦਾਰਥਵਾਦ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ।

ਪਰ ਕੀ ਇਸਤਰ੍ਹਾਂ ਦੀ ਦੁਨੀਆਂ ਵਿਚ ਮਨੁੱਖ ਇਕੱਲਾ ਜਿਹਾ ਨਹੀਂ ਹੋਵੇਗਾ, ਕੀ ਉਹ ਘਬਰਾ ਨਹੀਂ ਜਾਇਗਾ ਜਦੋਂ ਉਹ ਸਦੀਵਤਾ ਦੇ ਰੂਬਰੂ ਹੋਵੇਗਾ? ਬਿਲਕੁਲ ਇਹੀ ਚੀਜ਼ ਅਮਰੀਕੀ ਫ਼ਿਲਾਸਫ਼ਰ ਵਿਲੀਅਮ ਜੇਮਜ਼ ਦੇ ਮਨ ਵਿਚ ਸੀ ਜਦੋਂ ਉਸਨੇ ਪਦਾਰਥਵਾਦ ਦਾ ਵਰਣਨ ਇਸਤਰ੍ਹਾਂ ਕੀਤਾ ਸੀ ਕਿ ਇਹ ਗ਼ਮਗੀਨ, ਕਠੋਰ ਸੰਸਾਰ ਦ੍ਰਿਸ਼ਟੀਕੋਨ ਹੈ, ਜੋ ਡਰਾਉਣੇ ਸੁਪਣੇ ਤੋਂ ਘੱਟ ਕੁਝ ਨਹੀਂ। ਪ੍ਰਕਿਰਤੀ ਦੇ ਵਿਗਾਸ ਦੇ ਅਸੀਮ ਅਮਲ ਵਿਚ ਮਨੁੱਖ ਆਪਣੇ ਆਪ ਨੂੰ ਇਕ ਦੰਦੇ ਵਾਂਗ ਮਹਿਸੂਸ ਕਰਦਾ ਹੈ; ਉਹ ਅਨਿਵਾਰਿਤਾ ਦੀ ਆਹਿਨੀ ਜ਼ੰਜੀਰ ਤੋੜਨ ਦੇ ਅਸਮਰੱਥ ਹੈ। ਪਰ ਪਦਾਰਥਵਾਦ ਦੇ ਖ਼ਿਲਾਫ਼ ਇਹੋ ਜਿਹੇ ਆਰੋਪ ਲਾਉਣ ਦੀ ਕੋਈ ਬੁਨਿਆਦ ਹੈ?

੭੦