ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/67

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਤਮਾ ਵਾਲੇ ਲੋਕ ਹੁੰਦੇ ਹਨ, ਜਿਹੜੇ ਗੁਣ ਅਤੇ ਸੁੰਦਰਤਾ ਵਿਚ ਯਕੀਨ ਨਹੀਂ ਰੱਖਦੇ ਅਤੇ ਸਿਰਫ਼ ਆਪਣੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਬਾਰੇ ਹੀ ਸੋਚਦੇ ਹਨ। ਇਸਲਈ ਸਾਰੇ ਮਨੁੱਖੀ ਅੰਗੁਣ-- ਪੇਟੂਪੁਣਾ, ਪਿਆਕੜਪੁਣਾ, ਵਹਿਸ਼ਤ, ਲੋਭ ਅਤੇ ਮੁਨਾਫ਼ੇਖੋਰੀ-- ਪਦਾਰਥਵਾਦੀਆਂ ਦੇ ਲੱਛਣ ਹਨ। ਇਥੋਂ ਤੱਕ ਕਿ ਜਰਮਨ ਪਦਾਰਥਵਾਦੀ ਫ਼ਿਲਾਸਫ਼ਰ ਅਤੇ ਮਾਰਕਸਵਾਦੀ ਫ਼ਿਲਾਸਫ਼ੀ ਦੇ ਤੁਰਤ ਪੂਰਵ-ਗਾਮੀਆਂ ਵਿਚੋਂ ਇਕ, ਲੁਡਵਿਗ ਫ਼ਿਉਰਬਾਖ਼, "ਪਦਾਰਥਵਾਦ" ਸ਼ਬਦ ਦੇ ਖ਼ਿਲਾਫ਼ ਆਪਣੇ ਤੁਅੱਸਬ ਨੂੰ ਦੂਰ ਨਹੀਂ ਸੀ ਕਰ ਸਕਿਆ। ਸੰਸਾਰ ਦ੍ਰਿਸ਼ਟੀਕੋਨ ਵਜੋਂ ਪਦਾਰਥਵਾਦ ਨੂੰ ਸਮਕਾਲੀ ਫ਼ਿਲਾਸਫ਼ਰਾਂ ਵਲੋਂ ਕੱਢੇ ਜਾਂਦੇ ਦੂਸ਼ਿਤ ਅਤੇ ਗੰਵਾਰੂ ਕਿਸਮ ਦੇ ਅਰਥਾਂ ਨਾਲ ਰਲਗਡ ਕਰਦਿਆਂ, ਉਸਨੇ ਲਿਖਿਆ ਸੀ: "ਪਿੱਛੇ ਵੱਲ ਨੂੰ ਮੈਂ ਪਦਾਰਥਵਾਦੀਆਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ, ਪਰ ਅੱਗੇ ਵੱਲ ਨੂੰ ਨਹੀਂ।"*

ਬੇਸ਼ਕ, ਇਸਤਰ੍ਹਾਂ ਦੇ "ਪਦਾਰਥਵਾਦੀ" ਸ਼ਾਇਦ ਹੀ ਹੈ ਕਿਸੇ ਵਿਚ ਹਮਦਰਦੀ ਜਗਾਉਣ। ਪਰ ਇਕ ਸ਼ੁਭ ਸੋਚਨੀਵਾਲਾ ਬੁਰਜੂਆ ਖ਼ੁਦ ਚੰਗਿਆਈ, ਪਿਆਰ, ਵਿਸ਼ਵਾਸ ਅਤੇ ਪ੍ਰਸਪਰ ਸਹਾਇਤਾ ਨੂੰ ਸਿਰਫ਼ ਉਦੋਂ ਹੀ ਯਾਦ ਕਰੇਗਾ ਜਦੋਂ ਉਹ ਦੀਵਾਲੀਆਪਣ ਦੇ ਅਮਲ ਵਿਚੋਂ ਲੰਘ ਰਿਹਾ ਹੋਵੇਗਾ। ਉੱਚੇ-– ਸੁੱਚੇ ਆਦਰਸ਼ਾਂ ਦਾ ਉਤਸ਼ਾਹੀ ਸਮਰਥਕ ਵੀ ਕਦੀ ਕਦੀ ਹੋ ਸਕਦਾ ਹੈ ਚੋਰੀ ਚੋਰੀ ਉਹਨਾਂ ਐਬਾਂ ਵਿਚ ਜੁਟਿਆ ਸਾਬਤ ਹੋਵੇ, ਜਿਨ੍ਹਾਂ ਦਾ ਉਹ ਖੁਲ੍ਹੇ ਆਮ ਰੋਹ ਨਾਲ ਤਿਆਗ ਕਰਦਾ ਹੈ।

————————————————————

*ਫ਼ਰੈਡਰਿਕ ਏਂਗਲਜ਼, "ਲੁਡਵਿਗ ਫ਼ਿਉਰਬਾਖ਼ ਅਤੇ ਕਲਾਸੀਕਲ ਜਰਮਨ ਫ਼ਿਲਾਸਫ਼ੀ ਦਾ ਅੰਤ", ਕਾਰਲ ਮਾਰਕਸ ਅਤੇ ਫ਼ਰੈਡਰਿਕ ਏਂਗਲਜ਼, ਚੋਣਵੀਆਂ ਕਿਰਤਾਂ, ਤਿੰਨ ਸੈਂਚੀਆਂ ਵਿਚ, ਸੈਂਚੀ ੩, ਸਫਾ ੩੪੯।

੬੫