ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/53

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ, ਆਸਾਂ ਲਾਉਂਦਾ ਹੈ ਅਤੇ ਆਪਣੇ ਸਾਮ੍ਹਣੇ ਨਿਸ਼ਾਨੇ ਰੱਖਦਾ ਹੈ, ਸਿਰਫ਼ ਇਸਲਈ ਕਿ ਉਸ ਕੋਲ ਇਕ ਮਨ ਹੈ, ਚੇਤਨਾ ਅਤੇ ਇੱਛਾ-ਸ਼ਕਤੀ ਹੈ, ਅਤੇ ਜੋ ਕੁਝ ਹੈ ਵੀ ਉਸਦੇ ਦੁਆਲੇ ਵਾਪਰ ਰਿਹਾ ਹੈ, ਉਹ ਉਸਨੂੰ ਮਹਿਸੂਸ ਕਰਨ ਅਤੇ ਉਸਦੇ ਅਰਥ ਕੱਢਣ ਦੇ ਸਮਰੱਥ ਹੈ। ਮਨੁੱਖ ਸਿਰਫ਼ ਪੱਠਿਆਂ ਅਤੇ ਤੰਤੂਆਂ ਦਾ ਨਾਂ ਹੀ ਨਹੀਂ, ਉਹ ਸਿਰਫ਼ ਸ਼ਰੀਰ ਨਹੀਂ; ਉਸਨੂੰ, ਜਿਵੇਂ ਕਿ ਪੁਰਾਣੇ ਲੋਕ ਕਿਹਾ ਕਰਦੇ ਸਨ, ਇਕ "ਆਤਮਾ" ਵੀ ਮਿਲੀ ਹੋਈ ਹੈ। ਸਾਰੇ ਵਿਸ਼ੇਸ਼ ਸਵਾਲਾਂ ਦੇ ਜਵਾਬ ਪੂਰੀ ਤਰ੍ਹਾਂ ਉਸ ਤਰੀਕੇ ਉਤੇ ਨਿਰਭਰ ਕਰਦੇ ਹਨ, ਜਿਸ ਤਰੀਕੇ ਨਾਲ ਮੁੱਖ ਸਵਾਲ ਦਾ ਜਵਾਬ ਦਿਤਾ ਜਾਂਦਾ ਹੈ: "ਆਤਮਾ", ਰੂਹ, ਜਾਂ ਆਦਰਸ਼ਕ ਚੇਤਨਾ ਕੀ ਚੀਜ਼ ਹੈ, ਇਹ ਕਿਥੋਂ ਆਉਂਦੀ ਹੈ, ਅਤੇ ਅਜੀਵ ਪ੍ਰਕਿਰਤੀ ਨਾਲ ਇਹ ਕਿਵੇਂ ਜੁੜੀ ਹੋਈ ਹੈ?

ਇਸਲਈ ਫ਼ਿਲਾਸਫ਼ੀ ਦਾ ਬੁਨਿਆਦੀ ਸਵਾਲ ਮਨ ਅਤੇ ਪ੍ਰਕਿਰਤੀ, ਚੇਤਨਾ ਅਤੇ ਹਸਤੀ ਦੇ ਅੰਤਰਸੰਬੰਧ ਦਾ ਸਵਾਲ ਹੈ। ਜਦੋਂ ਅਸੀਂ ਇਹ ਸਥਾਪਤ ਕਰ ਲੈਂਦੇ ਹਾਂ ਕਿ ਮਨ ਪਹਿਲਾਂ ਪ੍ਰਗਟ ਹੁੰਦਾ ਹੈ ਜਾਂ ਪ੍ਰਕਿਰਤੀ, ਕਿ ਚੇਤਨਾ ਮਨੁੱਖੀ ਦਿਮਾਗ਼ ਤੋਂ ਬਾਹਰ ਆਪਣੇ ਆਪ ਕਾਇਮ ਰਹਿ ਸਕਦੀ ਹੈ ਜਾਂ ਨਹੀਂ, ਅਤੇ ਕੀ ਸਜੀਵ ਪ੍ਰਕਿਰਤੀ ਆਤਮਕ ਮੂਲ ਤੋਂ ਬਿਨਾਂ ਪੈਦਾ ਹੋ ਸਕਦੀ ਅਤੇ ਕਾਇਮ ਰਹਿ ਸਕਦੀ ਹੈ- ਸਿਰਫ਼ ਇਸ ਸਭ ਕੁਝ ਤੋਂ ਮਗਰੋਂ ਹੀ ਅਸੀਂ ਮਨੁੱਖ ਅਤੇ ਉਸਦੇ ਦੁਆਲੇ ਦੇ ਸੰਸਾਰ ਵਿਚਲੇ ਸੰਬੰਧ ਸਮਝ ਸਕਦੇ ਹਾਂ।

ਆਓ ਉਹਨਾਂ ਸਵਾਲਾਂ ਵਿਚੋਂ ਇਕ ਦੀ ਪੁਣ-ਛਾਣ ਕਰੀਏ, ਜਿਨ੍ਹਾਂ ਨੂੰ ਕਾਂਤ ਫ਼ਿਲਾਸਫ਼ੀ ਲਈ ਬੁਨਿਆਦੀ ਸਮਝਦਾ ਸੀ: "ਮੈਨੂੰ ਕੀ ਕਰਨਾ ਚਾਹੀਦਾ ਹੈ?" ਦੂਜੇ ਸ਼ਬਦਾਂ ਵਿਚ, ਮਨੁੱਖ ਨੂੰ ਜ਼ਿੰਦਗੀ ਵਿਚ ਵਿਵਹਾਰ ਦੇ ਕਿਹੜੇ ਨਿਯਮਾਂ ਅਤੇ ਪ੍ਰਤਿਮਾਨਾਂ

੫੧