ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/51

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸਤਰ੍ਹਾਂ ਕੁਝ ਲੋਕ, ਇਸ ਗੱਲ ਨੂੰ ਭੁਲੱਦਿਆਂ ਹੋਇਆਂ ਕਿ ਮਨੁੱਖ ਇਸ ਸੰਸਾਰ ਦਾ ਸਿਰਫ਼ ਇਕ ਕਣ ਹੀ ਨਹੀਂ ਸਗੋਂ ਇਸਨੂੰ ਬਦਲਣਵਾਲਾ ਵੀ ਹੈ, ਫ਼ਿਲਾਸਫ਼ੀ ਨੂੰ ਸੰਸਾਰ ਉਤੇ ਲਾਗੂ ਹੁੰਦੇ ਕਾਨੂੰਨਾਂ ਦੇ ਅਧਿਐਨ ਤੱਕ ਘਟਾ ਕੇ ਦੇਖਦੇ ਹਨ, ਜਦ ਕਿ ਕੁਝ ਦੂਜੇ ਲੋਕ ਇਸਨੂੰ ਵਿਅਕਤੀਗਤ ਜਜ਼ਬਿਆਂ ਵਿਚ ਖਪਤ ਕਰ ਦੇਂਦੇ ਹਨ, ਇਸ ਤੱਥ ਨੂੰ ਅੱਖੋਂ ਉਹਲੇ ਕਰਦਿਆਂ ਕਿ ਸਾਰੇ ਮਨੁੱਖੀ ਜਜ਼ਬੇ ਸੰਸਾਰ ਨਾਲ ਮਨੁੱਖ ਦੇ ਸਰਗਰਮ ਅੰਤਰਕਰਮ ਦਾ ਸਿੱਟਾ ਹੁੰਦੇ ਹਨ, ਅਤੇ ਉਹ ਸ਼ੂਨਯ ਵਿਚੋਂ ਪੈਦਾ ਨਹੀਂ ਹੁੰਦੇ। ਫ਼ਿਲਾਸਫ਼ੀ ਦੇ "ਇਲਾਕੇ" ਦੀਆਂ ਅਸਲੀ ਹੱਦਾਂ ਨੂੰ ਮਨੁੱਖ ਅਤੇ ਪ੍ਰਕਿਰਤੀ ਵਿਚਲਾ ਅੰਤਰਕਰਮ ਨਿਸਚਿਤ ਹੈ। ਫ਼ਿਲਾਸਫ਼ੀ ਬ੍ਰਹਿਮੰਡ, ਮਨੁੱਖ ਅਤੇ ਸਮੁੱਚੇ ਤੌਰ ਉਤੇ ਮਨੁੱਖਤਾ ਉਪਰ ਲਾਗੂ ਹੁੰਦੇ ਬੇਹੱਦ ਸਾਮਾਨਯ ਕਾਨੂੰਨਾਂ ਦਾ ਅਧਿਐਨ ਕਰਦੀ ਹੈ; ਇਹ ਮਨੁੱਖ ਅਤੇ ਸਮਾਜ, ਮਨੁੱਖ ਅਤੇ ਪ੍ਰਕਿਰਤੀ ਦੀ ਏਕਤਾ ਦੀਆ ਬਿਲਕੁਲ ਬੁਨਿਆਦਾਂ ਦਾ ਹੀ ਅਧਿਐਨ ਕਰਦੀ ਹੈ।

ਆਪਣੇ ਦੁਆਲੇ ਦੇ ਸੰਸਾਰ ਨਾਲ ਮਨੁੱਖ ਦੇ ਸੰਬੰਧ ਬੇਹੱਦ ਵੰਨ-ਸੁਵੰਨੇ ਹਨ। ਕੀ ਇਹਨਾਂ ਅਨੇਕਾਂ ਕੁੜੀਆਂ ਅਤੇ ਸੰਬੰਧਾਂ ਵਿਚੋਂ ਉਸ ਮੁੱਖ ਚੀਜ਼ ਨੂੰ ਪਛਾਨਣਾ ਸੰਭਵ ਹੈ ਜਿਹੜੀ ਪ੍ਰਕਿਰਤਕ ਅਤੇ ਸਮਾਜਕ ਸੰਸਾਰ ਦੀ ਏਕਤਾ ਦੇ ਹੇਠਾਂ ਲੁਕੀ ਹੋਈ ਹੈ? ਇਸ ਮਸਲੇ ਨੂੰ ਅਗਲੇ ਕਾਂਡ ਵਿਚ ਲਿਆ ਜਾਇਗਾ।